ਚੰਡੀਗੜ, 13 ਜੁਲਾਈ (The News Air)
ਲੇਖਕ- ਪ੍ਰਭਜੋਤ ਕੌਰ ਢਿੱਲੋਂ
ਕਿਸਾਨ ਅੰਦੋਲਨ ਸ਼ਾਇਦ ਹਰ ਬੱਚੇ ਜਵਾਨ ਅਤੇ ਬਜ਼ੁਰਗ ਦੇ ਜ਼ਿਹਨ ਵਿੱਚ ਵੱਸ ਚੁੱਕਿਆ ਹੈ।ਇਸ ਤੋਂ ਪਹਿਲਾਂ ਵਧੇਰੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਬਾਰੇ ਪਤਾ ਹੀ ਨਹੀਂ ਸੀ। ਸ਼ਾਇਦ ਸਰਕਾਰਾਂ ਵਿੱਚ ਬੈਠੇ ਸਿਆਸਤਦਾਨ ਵੀ ਉਨ੍ਹਾਂ ਨੂੰ ਸਮਝਣ ਵਿੱਚ ਗ਼ਲਤੀ ਕਰ ਗਏ। ਖ਼ੈਰ,ਕੁਦਰਤ ਦਾ ਇੱਕ ਨਿਯਮ ਹੈ ਕਿ ਜਦੋਂ ਅੱਤਿਆਚਾਰ ਬਹੁਤ ਵੱਧ ਜਾਏ ਅਤੇ ਲੋਕਾਂ ਤੇ ਅੱਤਿਆਚਾਰ ਵੱਧ ਜਾਏ ਤਾਂ ਬਦਲਾਅ ਹੁੰਦਾ ਹੈ। ਕੁਦਰਤ ਨੇ ਬਦਲਾਅ ਦੇ ਰਸਤੇ ਵੀ ਆਪ ਹੀ ਬਣਾਉਣੇ ਹੁੰਦੇ ਹਨ।ਇਸ ਵਕਤ ਸਿਆਸਤਦਾਨਾਂ ਨੇ,ਹਰ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵੋਟਾਂ ਪਾਉਣ ਤੱਕ ਵਰਤਣਾ ਸ਼ੁਰੂ ਕੀਤਾ ਹੋਇਆ ਹੈ।ਚੋਣਾਂ ਹੋਣ ਤੋਂ ਬਾਅਦ,ਜਿੱਤਣ ਤੋਂ ਬਾਅਦ,ਜਿੰਨਾ ਲੋਕਾਂ ਨੂੰ ਗਲ਼ਵੱਕੜੀਆਂ ਪਾਉਂਦੇ ਨੇ,ਉਨ੍ਹਾਂ ਤੋਂ ਹੀ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਉਨ੍ਹਾਂ ਤੋਂ ਹੀ ਖ਼ਤਰਾ ਪੈਦਾ ਹੋ ਜਾਂਦਾ ਹੈ।ਖ਼ੈਰ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਤੋਂ ਬਾਹਰ ਹੋਕੇ,ਘੁੰਮਾ ਫ਼ਿਰਕੇ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ।ਕਿਸਾਨ ਜਥੇਬੰਦੀਆਂ ਨੇ ਇਸ ਦੀ ਤਾਸੀਰ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਲੋਕਾਂ ਨੂੰ ਇੰਨਾ ਬਾਰੇ ਦੱਸਿਆ। ਕਿਸਾਨ ਜਥੇਬੰਦੀਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲੋਕਾਂ ਨੂੰ ਇੰਨਾ ਬਿੱਲਾਂ ਬਾਰੇ ਸਮਝਾਉਣ ਵਿੱਚ ਕਾਮਯਾਬ ਹੋ ਗਏ।ਦੂਸਰਾ ਵੱਡਾ ਕਦਮ ਇਹ ਸੀ ਕਿ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ।ਹਰਿਆਣਾ ਦਾ ਨਾਲ ਜੁੜਨਾ ਇਸ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਗਈ।
ਪੰਜਾਬ ਤੋਂ ਉੱਠੀ ਆਵਾਜ਼ ਹੌਲੀ ਹੌਲੀ ਅੱਗੇ ਵਧਣ ਲੱਗੀ। ਯੂ ਪੀ ਤੋਂ ਕਿਸਾਨ ਜਥੇਬੰਦੀਆਂ ਦਾ ਜੁੜਨਾ ਅਤੇ ਰਾਜਸਥਾਨ ਦਾ ਨਾਲ ਆਉਣਾ ਅੰਦੋਲਨ ਨੂੰ ਹੋਰ ਤਕੜਾ ਕਰ ਗਿਆ।ਪੜ੍ਹਿਆ ਲਿਖਿਆ ਹੋਣਾ ਅਤੇ ਤਜਰਬੇਕਾਰ ਹੋਣ ਵਿੱਚ ਫ਼ਰਕ ਇਸ ਅੰਦੋਲਨ ਨੇ ਸਾਫ਼ ਸਮਝਾ ਦਿੱਤਾ। ਜਿਸ ਦਿਨ ਇਹ ਅੰਦੋਲਨ ਪੰਜਾਬ ਤੋਂ ਦਿੱਲੀ ਵੱਲ ਨੂੰ ਤੁਰਿਆ ਸੀ ਤਾਂ ਹਰ ਕਿਸਾਨ ਆਗੂ ਕਹਿ ਰਿਹਾ ਸੀ ਕਿ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਾਂ।ਤਕਰੀਬਨ ਸਾਰਿਆਂ ਨੂੰ ਸੁਣਕੇ ਹੈਰਾਨੀ ਹੁੰਦੀ ਸੀ।ਅਸਲ ਵਿੱਚ ਆਮ ਲੋਕਾਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਕੇਂਦਰ ਸਰਕਾਰ ਇਵੇਂ ਅੜੀ ਕਰੇਗੀ ਜਾਂ ਘੇਸਲ ਮਾਰੇਗੀ।ਇਸ ਵਕਤ ਇਹ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ ਹੈ।ਸਾਬਕਾ ਸੈਨਿਕਾਂ,ਮੁਲਾਜ਼ਮਾਂ,ਮਜ਼ਦੂਰਾਂ,ਸਰਕਾਰੀ ਅਫ਼ਸਰਾਂ, ਵਿਉਪਾਰੀਆਂ ਹਰ ਕਿਸੇ ਨੇ ਕਿਸਾਨਾਂ ਨੂੰ ਖੁੱਲ ਕੇ ਸਮਰਥਨ ਦਿੱਤਾ।ਲੋਕ ਕਈ ਵਾਰ ਕਹਿੰਦੇ ਨੇ,ਪੰਜਾਬੀ ਪੰਜ ਮਿੰਟ ਚ ਆਇਆ ਕਹਿਕੇ ਸਾਰਾ ਦਿਨ ਨਹੀਂ ਮੁੜਦੇ,ਇਹ ਤਾਂ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਹਨ,ਵੇਖੋ ਕਦੋਂ ਜਿੱਤ ਕੇ ਮੁੜਦੇ ਹਨ। ਐਵੇਂ ਉੱਠ ਕੇ ਆਉਣ ਵਾਲੀ ਗੱਲ ਤਾਂ ਕਦੇ ਕਿਸੇ ਨੇ ਕੀਤੀ ਹੀ ਨਹੀਂ।
ਇਸ ਅੰਦੋਲਨ ਦੀ ਇੱਕ ਹੋਰ ਖ਼ਾਸ ਪ੍ਰਾਪਤੀ ਹੈ ਕਿ ਇਸ ਵਿੱਚ ਹਰ ਕੋਈ ਜਾਤ ਪਾਤ,ਧਰਮ ਅਤੇ ਅਮੀਰੀ ਗ਼ਰੀਬੀ ਤੋਂ ਉੱਪਰ ਉੱਠ ਕੇ ਉੱਥੇ ਕਾਨੂੰਨ ਰੱਦ ਕਰਵਾਉਣ ਲਈ ਬੈਠਾ ਹੈ।ਆਪਸੀ ਸਾਂਝ ਦਾ ਨਵਾਂ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ।ਉੱਥੇ ਕੋਈ ਜਾਤ ਨਹੀਂ ਅਤੇ ਨਾ ਕੋਈ ਧਰਮ ਹੈ।ਹਰ ਕੋਈ ਆਪਣੇ ਆਪ ਨੂੰ ਕਿਸਾਨ ਹੀ ਕਹਿ ਰਿਹਾ ਹੈ।ਹਿੰਦੂ,ਸਿੱਖ, ਮੁਸਲਮਾਨ ਅਤੇ ਇਸਾਈ ਦਾ ਭੇਦ ਜਿਵੇਂ ਉੱਥੇ ਕਿਸੇ ਦੀ ਸੋਚ ਦਾ ਹਿੱਸਾ ਹੀ ਨਹੀਂ ਹੈ।ਬਜ਼ੁਰਗਾਂ ਦੀ ਸਿਆਣਪ ਅਤੇ ਨੌਜਵਾਨਾਂ ਦਾ ਜੋਸ਼ ਇਕੱਠਾ ਕੰਮ ਕਰ ਰਿਹਾ ਹੈ।ਬਜ਼ੁਰਗ ਕਿਸਾਨ ਆਗੂ ਨੌਜਵਾਨਾਂ ਨੂੰ ਇਹ ਸਮਝਾਉਣ ਵਿੱਚ ਵੀ ਸਫਲ ਹੋਏ ਹਨ ਕਿ ਜਿੱਤ ਸ਼ਾਂਤ ਰਹਿਣ ਵਿੱਚ ਹੀ ਹੈ।ਇਕੱਠੇ ਹੋਕੇ ਚੱਲਣਾ,ਅਨੁਸ਼ਾਸਨ ਵਿੱਚ ਰਹਿਣਾ ਸਫਲਤਾ ਦੀ ਕੁੰਜੀ ਹੈ।ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇੰਨੇ ਲੰਮੇ ਸਮੇਂ ਤੋਂ ਸ਼ਾਂਤਮਈ ਬੈਠਣਾ ਅਤੇ ਅੰਦੋਲਨ ਨੂੰ ਚਲਾਉਣਾ,ਦੁਨੀਆ ਦਾ ਇਹ ਇਹ ਪਹਿਲਾ ਅੰਦੋਲਨ ਹੈ। ਇਸ ਅੰਦੋਲਨ ਨੇ ਨੌਜਵਾਨ ਪੀੜ੍ਹੀ ਨੂੰ ਮੁਸ਼ਕਲਾਂ ਨਾਲ ਜੂਝਣਾ ਅਤੇ ਹੱਥੀਂ ਕੰਮ ਕਰਨ ਵਾਲੇ ਪਾਸੇ ਲਗਾ ਦਿੱਤਾ।ਇਸ ਵਕਤ ਦਿੱਲੀ ਦੇ ਆਸਪਾਸ ਅਤੇ ਆਪੋ ਆਪਣੀ ਸਟੇਟ ਵਿੱਚ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ ਅਤੇ ਸਭ ਕੁੱਝ ਸੰਯੁਕਤ ਮੋਰਚੇ ਦੇ ਆਗੂਆਂ ਦੀਆਂ ਹਦਾਇਤਾਂ ਮੁਤਾਬਿਕ ਹੁੰਦਾ ਹੈ।ਇੰਨਾ ਅਨੁਸ਼ਾਸਨ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।ਹਰ ਨੌਜਵਾਨ ਕਿਸਾਨ ਆਗੂਆਂ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦੀ ਤਨਦੇਹੀ ਨਾਲ ਪਾਲਣਾ ਕਰਦਾ ਹੈ।ਵਿਹਲੜ ਦਾ ਲੱਗਿਆ ਪੈੱਗ,ਇਸ ਅੰਦੋਲਨ ਨੇ ਹਟਾ ਦਿੱਤਾ ਹੈ।ਹਕੀਕਤ ਇਹ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਨੌਜਵਾਨ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਸੋਚਿਆ ਹੀ ਨਹੀਂ।ਪਰ ਇਸ ਅੰਦੋਲਨ ਨੇ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਬਾਰੇ ਵੀ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ।
ਸਹਿਣਸ਼ੀਲਤਾ ਜਿਵੇਂ ਵਿਖਾਈ,ਉਹ ਹੈਰਾਨ ਕਰਨ ਵਾਲੀ ਸੀ।ਸਰਕਾਰ ਵੱਲੋਂ ਆਤੰਕਵਾਦੀ,ਖ਼ਾਲਿਸਤਾਨ,ਅਰਬਨ ਨਕਸਲੀ ਅਤੇ ਇਵੇਂ ਦੇ ਹੋਰ ਟੈਗ ਲਗਾਉਣ ਦੇ ਬਾਵਜੂਦ ਵੀ ਸ਼ਾਂਤ ਰਹਿਣਾ,ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।ਇੰਨਾ ਸ਼ਾਂਤਮਈ ਰਹਿਣਾ ਅਤੇ ਅੰਦੋਲਨ ਨੂੰ ਸੰਭਾਲ ਕੇ ਰੱਖਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ।ਅਸਲ ਵਿੱਚ ਸਿੱਖ ਕਿਸਾਨ ਆਗੂਆਂ ਕਰਕੇ ਇਸ ਨੂੰ ਖਾਲਿਸਤਾਨੀ ਅੰਦੋਲਨ ਕਹਿਣਾ ਸ਼ੁਰੂ ਕੀਤਾ।ਪਰ ਹੈਰਾਨੀ ਅਤੇ ਖ਼ੁਸ਼ੀ ਉਦੋਂ ਹੋਈ ਜਦੋਂ ਹਰ ਇੱਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਇੱਥੇ ਬੈਠੇ ਸਰਦਾਰ ਖਾਲਿਸਤਾਨੀ ਹਨ ਤਾਂ ਅਸੀਂ ਵੀ ਹਾਂ।ਲੋਕਾਂ ਨੂੰ ਸਿੱਖ ਕੌਮ ਬਾਰੇ ਜੋ ਭਰਮ ਭੁਲੇਖੇ ਸਨ,ਉਹ ਵੀ ਦੂਰ ਹੋ ਗਏ।ਪੰਜਾਬੀ ਪੱਗਾਂ ਬਹੁਤ ਸਾਰੇ ਲੋਕਾਂ ਨੇ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ।ਕਿਸੇ ਧਰਮ ਅਤੇ ਜਾਤ ਦਾ ਉੱਥੇ ਸਰਕਾਰ ਦਾ ਪੱਤਾ ਅੰਦੋਲਨਕਾਰੀਆਂ ਨੇ ਚੱਲਣ ਹੀ ਨਹੀਂ ਦਿੱਤਾ।
ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਵੀ ਸਮਝਣ ਦੀ ਸਿੱਖਿਆ ਦੇ ਦਿੱਤੀ।ਸਿਆਸਤਦਾਨਾਂ ਨੂੰ ਸਵਾਲ ਕਰਨ ਅਤੇ ਜਵਾਬ ਲੈਣ ਦੀ ਗੱਲ ਬਾਖ਼ੂਬੀ ਪੜ੍ਹਾ ਦਿੱਤੀ।ਜਦੋਂ ਕਿਸਾਨ ਆਗੂਆਂ ਨੇ ਕਿਸਾਨਾਂ ਲਈ ਬਣਾਏ ਤਿੰਨਾਂ ਕਾਨੂੰਨਾਂ ਦੀ ਇੱਕ ਇੱਕ ਲਾਇਨ ਆਈ ਏ ਐਸ ਅਤੇ ਮੰਤਰੀਆਂ ਨੂੰ ਸਮਝਾ ਦਿੱਤੀ ਤਾਂ ਇਹ ਸੁਨੇਹਾ ਨੌਜਵਾਨਾਂ ਵਿੱਚ ਗਿਆ ਕਿ ਮੇਜ਼ ਤੇ ਬੈਠਕੇ ਗੱਲ ਕਰਨ ਲਈ ਜਾਣਕਾਰੀ ਪੂਰੀ ਹੋਣੀ ਬਹੁਤ ਜ਼ਰੂਰੀ ਹੈ।ਵਧੇਰੇ ਕਰਕੇ ਗੱਲ ਬਾਤ ਵੇਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਵੱਲੋਂ ਆਗੂਆਂ ਨੂੰ ਉਲਝਾ ਲਿਆ ਜਾਂਦਾ ਹੈ।
ਇਸ ਵੇਲੇ ਇਹ ਅੰਦੋਲਨ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈ।ਅਸਲ ਵਿੱਚ ਇਸ ਅੰਦੋਲਨ ਨੇ ਸਾਰਿਆਂ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਜੇਕਰ ਜਾਤਾਂ ਧਰਮਾਂ ਤੋਂ ਉੱਪਰ ਕਰਾਂਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਕੁੱਝ ਬਚੇਗਾ।ਕੁੱਝ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹਨ ਅਤੇ ਬਾਕੀ ਇੱਥੇ ਮਜ਼ਦੂਰੀ ਕਰਨ ਲਈ ਮਜਬੂਰ ਕਰ ਦਿੱਤੇ ਜਾਣਗੇ।ਜੇਕਰ ਸਾਰਾ ਕੁੱਝ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਹੈ ਤਾਂ ਸਰਕਾਰਾਂ ਚੁਣਨ ਦਾ ਕੋਈ ਫ਼ਾਇਦਾ ਨਹੀਂ। ਲੋਕਾਂ ਦੇ ਸਿਰ ਤੇ ਇੰਨਾ ਸਿਆਸਤਦਾਨਾਂ ਦੇ ਖ਼ਰਚੇ ਦਾ ਭਾਰ ਕਿਉਂ ਪਾਇਆ ਜਾਵੇ।ਇਸ ਵੇਲੇ ਸਿਆਸੀ ਪਾਰਟੀਆਂ ਨੂੰ ਫ਼ਿਕਰ ਪਿਆ ਹੋਇਆ ਹੈ ਕਿ ਵੋਟਾਂ ਲੈਣ ਜਾਣਾ ਕਿਵੇਂ ਹੈ।ਹਰ ਸਿਆਸੀ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਪਿੰਡਾਂ ਵਿੱਚ ਹੋ ਰਿਹਾ ਹੈ।ਲੋਕਾਂ ਨੇ ਪਿੰਡਾਂ ਦੇ ਬਾਹਰ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਦਾ ਆਉਣਾ ਉਦੋਂ ਤੱਕ ਮਨਾਂ ਹੈ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਸਮਰਥਨ ਮੁੱਲ ਦਾ ਕਾਨੂੰਨ ਨਹੀਂ ਬਣਦਾ।ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦਾ ਇਕੱਠੇ ਹੋਣਾ ਵੀ ਅੰਦੋਲਨ ਦੀ ਦੇਣ ਹੀ ਹੈ ਅਤੇ ਬਹੁਤ ਵੱਡੀ ਪ੍ਰਾਪਤੀ ਵੀ ਹੈ।
ਜੇਕਰ ਅੰਦੋਲਨ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਸ ਨੇ ਸਿਆਸਤ ਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਅਤੇ ਪਾਵੇਗਾ।ਅਸਲ ਵਿੱਚ ਲੋਕਾਂ ਨੂੰ ਵੀ ਇਹ ਸਮਝ ਆ ਗਈ ਹੈ ਕਿ ਵੋਟ ਦੀ ਤਾਕਤ ਵਰਤਣੀ ਬਹੁਤ ਜ਼ਰੂਰੀ ਹੈ।ਸਿੱਧੇ ਤੌਰ ਤੇ ਕਿਸਾਨਾਂ ਨੇ ਸਿਆਸਤ ਵਿੱਚ ਅਜੇ ਤੱਕ ਕੁੱਝ ਵੀ ਨਾ ਕਰਨ ਦੀ ਗੱਲ ਕੀਤੀ ਹੈ।ਪਰ ਜਦੋਂ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਹਿਲਾਉਣਾ ਹੈ ਤਾਂ ਲੋਕਾਂ ਨੂੰ ਉਸ ਨੂੰ ਵੋਟ ਨਾ ਪਾਉਣ ਦੀ ਗੱਲ ਤਾਂ ਸਮਝਾਉਣ ਵਿੱਚ ਸਫਲ ਹੋ ਹੀ ਰਹੇ ਹਨ।ਯੂ ਪੀ ਵਿੱਚ ਪੰਚਾਇਤੀ ਚੋਣਾਂ ਤੇ ਅਸਰ ਸਾਫ਼ ਵਿਖਾਈ ਦਿੱਤਾ ਹੈ।ਪੰਜਾਬ ਵਿੱਚ ਨਗਰ ਕੌਂਸਲ,ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਇਸ ਅੰਦੋਲਨ ਦਾ ਸਾਫ਼ ਅਸਰ ਵਿਖਾਈ ਦਿੱਤਾ।ਬਹੁਤ ਥਾਵਾਂ ਤੇ ਤਾਂ ਬੀ ਜੇ ਪੀ ਵਾਲਿਆਂ ਨੂੰ ਬੈਠਣ ਲਈ ਪ੍ਰਬੰਧ ਵੀ ਨਹੀਂ ਕਰਨ ਦਿੱਤੇ।ਪੰਜਾਬ,ਹਰਿਆਣਾ ਅਤੇ ਯੂ ਪੀ ਵਿੱਚ ਸਿਆਸੀ ਪਾਰਟੀਆਂ ਦਾ ਖੁੱਲ ਕੇ ਵਿਰੋਧ ਹੋ ਰਿਹਾ ਹੈ।ਜੇਕਰ ਪਿੰਡਾਂ ਸ਼ਹਿਰਾਂ ਵਿੱਚ ਵੜਨ ਹੀ ਨਹੀਂ ਦੇਣਗੇ ਤਾਂ ਵੋਟਾਂ ਕਿਥੋਂ ਅਤੇ ਕਿਵੇਂ ਲੈਣੀਆਂ,ਇਹ ਵੀ ਫ਼ਿਕਰ ਸਿਆਸਤਦਾਨਾਂ ਨੂੰ ਅੰਦਰੋਂ ਤਾਂ ਖਾ ਹੀ ਰਿਹਾ ਹੋਏਗਾ।
ਅੰਦੋਲਨ ਪੂਰੀ ਦੁਨੀਆ ਵਿੱਚ ਆਪਣੇ ਆਪ ਵਿੱਚ ਖ਼ਾਸ ਬਣ ਚੁੱਕਿਆ ਹੈ।ਵਿਦੇਸ਼ਾਂ ਵਿੱਚ ਇਸ ਦੀ ਸਰਕਾਰਾਂ ਵੱਲੋਂ ਚਰਚਾ ਕੀਤੀ ਗਈ ਹੈ।ਇਸ ਅੰਦੋਲਨ ਨੂੰ ਸੰਸਾਰ ਭਰ ਤੋਂ ਸਮਰਥਨ ਮਿਲ ਰਿਹਾ ਹੈ।ਅਸਲ ਵਿੱਚ ਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ,ਇਹ ਤਾਂ ਕਿਧਰੇ ਇਸ ਵਕਤ ਵਿਖਾਈ ਹੀ ਨਹੀਂ ਦਿੰਦਾ।ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਸੀ।ਇਸ ਅੰਦੋਲਨ ਨੇ ਇਸ ਪਾਸੇ ਵੀ ਲੋਕਾਂ ਨੂੰ ਸੋਚਣ ਲਗਾ ਦਿੱਤਾ ਹੈ।ਇਹ ਅੰਦੋਲਨ ਬਹੁਤ ਕੁੱਝ ਦੇ ਗਿਆ ਅਤੇ ਆਪਣੇ ਪ੍ਰਭਾਵ ਵੀ ਛੱਡ ਗਿਆ ਹੈ।ਇਹ ਅੰਦੋਲਨ ਸਫਲ ਅਤੇ ਪ੍ਰਭਾਵਸ਼ਾਲੀ ਅੰਦੋਲਨ ਹੈ।