ਲੇਖਕ- ਪ੍ਰਭਜੋਤ ਕੌਰ ਢਿੱਲੋਂ
ਹਰ ਮਾਂ ਬਾਪ ਦੇ ਆਪਣੇ ਬੱਚਿਆਂ ਲਈ ਸੁਪਨੇ ਹੁੰਦੇ ਹਨ ਅਤੇ ਬੱਚਿਆਂ ਦੇ ਆਪਣੇ ਭਵਿੱਖ ਲਈ ਸੁਨਹਿਰੇ ਸੁਪਨੇ ਹੁੰਦੇ ਹਨ।ਮਾਂ ਬਾਪ ਸਖ਼ਤ ਮਿਹਨਤ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲੋਂ ਬਿਹਤਰ ਨੌਕਰੀਆਂ,ਕਾਰੋਬਾਰ ਕਰਨ ਅਤੇ ਵਧੀਆ ਜ਼ਿੰਦਗੀ ਜਿਊਂ ਸਕਣ।ਪਰ ਸਾਡੀਆਂ ਸਰਕਾਰਾਂ ਨੇ ਸਾਰਿਆਂ ਦੇ ਸੁਪਨੇ ਚੁੱਕਣਾ ਚੂਰ ਕਰ ਦਿੱਤੇ। ਅਸਲ ਵਿਚ ਸਿਆਸਤਦਾਨਾਂ ਦੇ ਏਜੰਡੇ ਤੋਂ ਲੋਕਾਂ ਲਈ ਕੰਮ ਕਰਨਾ ਵਧੇਰੇ ਕਰਕੇ ਖ਼ਤਮ ਹੀ ਹੋ ਗਿਆ ਹੈ।ਇਸ ਵਿਚ ਕਿਸੇ ਇੱਕ ਸਿਆਸੀ ਪਾਰਟੀ ਦਾ ਦੋਸ਼ ਨਹੀਂ ਹੈ।ਹਾਂ,ਅਸੀਂ ਵੀ ਇਸ ਵਿਚ ਆਪਣਾ ਯੋਗਦਾਨ ਪਾਇਆ ਹੋਇਆ ਹੈ।ਪਰ ਅਸੀਂ ਆਪਣੀ ਗ਼ਲਤੀ ਮੰਨਣੀ ਨਹੀਂ।ਜੇਕਰ ਅਸੀਂ ਆਪਣੀ ਗ਼ਲਤੀ ਮੰਨ ਲਈਏ ਤਾਂ ਹੀ ਅਸੀਂ ਉਸ ਗ਼ਲਤੀ ਨੂੰ ਸੁਧਾਰਾਂਗੇ।
ਅੱਜ ਡਿਗਰੀਆਂ ਲੈ ਕੇ ਬੱਚੇ ਸੜਕਾਂ ਤੇ ਰੁਲ ਰਹੇ ਨੇ। ਪੁਲਿਸ ਵਾਲਿਆਂ ਤੋਂ ਡੰਡੇ ਖਾ ਰਹੇ ਹਨ। ਜਿਵੇਂ ਖਿੱਚ ਧੂਹ ਹੁੰਦੀ ਹੈ,ਵੇਖ ਕੇ ਸ਼ਰਮ ਵੀ ਆਉਂਦੀ ਹੈ,ਗ਼ੁੱਸਾ ਵੀ ਆਉਂਦਾ ਹੈ ਅਤੇ ਤਕਲੀਫ਼ ਵੀ ਹੁੰਦੀ ਹੈ।ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ।ਇੰਨਾ ਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ।ਪਰ ਜੇਕਰ ਉਹ ਹੀ ਸੜਕਾਂ ਤੇ ਧੱਕੇ ਖਾ ਰਹੇ ਹਨ ਤਾਂ ਦੇਸ਼ ਦੇ ਭਵਿੱਖ ਬਾਰੇ ਵੀ ਸੋਚਣਾ ਪਵੇਗਾ।ਇਵੇਂ ਲੱਗਦਾ ਹੈ ਜਿਵੇਂ ਸਿਆਸਤਦਾਨ ਸਮਝ ਰਹੇ ਹਨ ਕਿ ਇਹ ਕੁਰਸੀਆਂ ਇਵੇਂ ਹੀ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਹਨ।ਆਮ ਬੰਦਾ ਤਾਂ ਵੋਟ ਪਾਉਣ ਲਈ ਹੀ ਹੈ।ਪੈਸੇ ਦਿਓ,ਵੋਟਾਂ ਖ਼ਰੀਦੋ ਅਤੇ ਰਾਜ ਕਰੋ।ਮੁਆਫ਼ ਕਰਨਾ,ਵੋਟਾਂ ਵੇਚਣ ਅਤੇ ਵੋਟ ਬਦਲੇ ਸ਼ਰਾਬ ਲੈਣ ਦੀ ਸਜ਼ਾ ਅੱਜ ਸਾਡੀ ਨੌਜਵਾਨ ਪੀੜ੍ਹੀ ਭੁਗਤ ਰਹੀ ਹੈ।ਹਾਂ, ਭੁਗਤ ਮਾਪੇ ਵੀ ਰਹੇ ਹਨ।
ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣਾ ਵਿਕਾਸ ਨਹੀਂ ਹੈ।ਡਿਗਰੀਆਂ ਤੋਂ ਬਾਅਦ ਨੌਕਰੀਆਂ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਡਿਊਟੀ ਹੈ।ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹ ਕੇ ਲੋਕਾਂ ਦੇ ਲੱਖਾਂ ਰੁਪਏ ਪੜ੍ਹਾਈ ਤੇ ਲਗਵਾਕੇ,ਨੌਕਰੀਆਂ ਕੌਣ ਦੇਵੇਗਾ ਇੰਨਾ ਨੂੰ,ਸਰਕਾਰਾਂ ਜਵਾਬ ਦੇਣ ਇਸ ਦਾ।ਕੀ ਡਿਗਰੀਆਂ ਉਨ੍ਹਾਂ ਨੇ ਸੜਕਾਂ ਤੇ ਧੱਕੇ ਖਾਣ ਲਈ ਲਈਆਂ ਹਨ?ਅੱਜ ਜਦੋਂ ਸੜਕਾਂ ਤੇ ਰੁਲਦੇ ਨੌਜਵਾਨ ਅਤੇ ਡੰਡੇ ਖਾਂਦੇ ਲੋਕ ਵੇਖਦੇ ਹਨ ਤਾਂ ਹਰ ਕਿਸੇ ਦੇ ਜ਼ਿਹਨ ਵਿਚ ਇਹ ਸਵਾਲ ਉੱਠਦਾ ਜ਼ਰੂਰ ਹੈ। ਵਿਕਾਸ ਸਿਆਸਤਦਾਨਾਂ ਦੇ ਮੁਤਾਬਿਕ ਕੀ ਹੈ,ਉਹ ਜਾਣਨ। ਘੱਟੋ ਘੱਟ ਕੁੱਝ ਸੋਚਣ ਵਾਲੇ ਲੋਕਾਂ ਦੀ ਸਮਝ ਤੋਂ ਬਾਹਰ ਹੈ ਸਰਕਾਰਾਂ ਦਾ ਵਿਕਾਸ।
ਇੱਕ ਉਮਰ ਹੁੰਦੀ ਹੈ,ਜਦੋਂ ਨੌਕਰੀ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ। ਮਾਪਿਆਂ ਨੇ ਆਪਣੀ ਪੜ੍ਹਾਉਣ ਦੀ ਜ਼ਿੰਮੇਵਾਰੀ ਬਹੁਤੀ ਵਾਰ ਬੜੇ ਔਖੇ ਹੋਕੇ ਪੂਰੀ ਕੀਤੀ ਹੁੰਦੀ ਹੈ।ਪਰ ਪੁੱਤ ਫੇਰ ਮਾਪਿਆਂ ਤੇ ਨਿਰਭਰ ਹੁੰਦਾ ਹੈ।ਨੌਕਰੀਆਂ ਦੀ ਉਮਰ ਧਰਨੇ ਲਗਾਉਣ ਤੇ ਡੰਡੇ ਖਾਂਦਿਆਂ ਲੰਘ ਜਾਂਦੀ ਹੈ ਅਤੇ ਨਾਲ ਹੀ ਵਿਆਹ ਦੀ ਉਮਰ ਵੀ ਲੰਘ ਜਾਂਦੀ ਹੈ। ਕਿਧਰੇ ਵਿਆਹ ਟੁੱਟ ਜਾਂਦੇ ਹਨ। ਮਾਪੇ ਕਿੰਨੀ ਦਿਨ ਬੇਰੁਜ਼ਗਾਰ ਪੁੱਤਾਂ ਨੂੰ ਖਰਚਾ ਦੇ ਸਕਦੇ ਹਨ।ਅਸਲ ਵਿਚ ਨੀਤੀਆਂ ਬਣਾਉਣ ਵਾਲੀ ਬਾਬੂ ਸ਼ਾਹੀ ਅਤੇ ਸਰਕਾਰਾਂ ਵਿਚ ਬੈਠਿਆਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਜਾਂ ਇਹ ਲੋਕਾਂ ਨੂੰ ਤੰਗ ਕਰਨ ਵਿਚ ਹੀ ਆਪਣੀ ਕਾਮਯਾਬੀ ਸਮਝਦੇ ਹਨ।ਇਹ ਤਾਂ ਸੋਚ ਹੈ ਵੱਡੇ ਅਹੁਦਿਆਂ ਤੇ ਬੈਠਿਆਂ ਦੀ।
ਸੁਣਕੇ ਤਕਲੀਫ਼ ਹੁੰਦੀ ਹੈ ਅਤੇ ਦੁੱਖ ਹੁੰਦਾ ਹੈ ਕਿ ਤਨਖ਼ਾਹਾਂ ਦੇ ਨਾਮ ਤੇ ਕਿਵੇਂ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਚੈਨਲ ਤੇ ਅਧਿਆਪਕਾਂ ਵੱਲੋਂ ਆਪਣੀ ਗੱਲ ਰੱਖਣ ਵਾਲੇ ਅਧਿਆਪਕ ਨੇ ਦੱਸਿਆ ਕਿ ਅਠਾਰਾਂ ਸਾਲ ਦੀ ਨੌਕਰੀ ਵਾਲੇ ਵੀ ਕੱਚੇ ਹਨ ਅਤੇ ਛੇ ਹਜ਼ਾਰ ਤਨਖ਼ਾਹ ਮਿਲ ਰਹੀ ਹੈ।ਇੰਨੀ ਮਹਿੰਗਾਈ ਵਿਚ ਉਹ ਘਰ ਕਿਵੇਂ ਚਲਾਉਂਦੇ ਹੋਣਗੇ,ਸਰਕਾਰਾਂ ਵਿਚ ਬੈਠਿਆਂ ਅਤੇ ਬਾਬੂ ਸ਼ਾਹੀ ਨੂੰ ਸਮਝ ਨਹੀਂ ਆਉਂਦੀ।ਕਿਧਰੇ ਤਾਂ ਚੋਪੜੀਆਂ ਤੇ ਉਹ ਵੀ ਦੋ ਦੋ ਅਤੇ ਕਿਧਰੇ ਫ਼ਾਕੇ ਰੱਖਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਕਿਧਰੇ ਪੈਨਸ਼ਨਾਂ ਵੀ ਅਤੇ ਤਨਖ਼ਾਹਾਂ ਦੋਵੇਂ ਮਿਲ ਰਹੀਆਂ ਹਨ ਅਤੇ ਇਨਕਮ ਟੈਕਸ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਜਾਂਦਾ ਹੈ।ਹੱਦ ਹੀ ਹੋ ਗਈ ਹੈ।ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਨੂੰ ਹੀ ਡੰਡਿਆਂ ਨਾਲ ਕੁੱਟ ਰਹੀਆਂ ਹਨ ਅਤੇ ਲੋਕਾਂ ਦੀ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।ਇਹ ਤਾਂ ਲੋਕਾਂ ਨਾਲ ਧੱਕਾ ਵੀ ਹੈ ਅਤੇ ਧੋਖਾ ਵੀ ਹੈ।ਹਾਂ,ਅਸੀਂ ਹਰ ਪੰਜ ਸਾਲ ਬਾਅਦ ਇੰਨਾ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੇ ਵਿਸ਼ਵਾਸ ਕਰਦੇ ਹਾਂ।ਇੱਕ ਬਹੁਤ ਵੱਡੀ ਗ਼ਲਤੀ ਵੀ ਅਸੀਂ ਜਾਣੇ ਅਨਜਾਣੇ ਵਿਚ ਕਰਦੇ ਹਾਂ।ਚੋਣਾਂ ਵੇਲੇ ਮੁਫ਼ਤ ਦੀ ਸ਼ਰਾਬ,ਨਗਦ ਪੈਸੇ ਅਤੇ ਇਵੇਂ ਦੀ ਕੋਈ ਹੋਰ ਚੀਜ਼ ਲੈ ਕੇ।ਇਸ ਨੇ ਸਾਡੇ ਨੌਜਵਾਨਾਂ ਨੂੰ ਸੜਕਾਂ ਤੇ ਲਿਆਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਮੈਨੂੰ ਇੱਕ ਕਹਾਣੀ ਯਾਦ ਆ ਗਈ।ਇੱਕ ਸਿਆਸਤਦਾਨਾਂ ਨੇ ਭੇਡਾਂ ਨੂੰ ਕਿਹਾ ਕਿ ਮੈਨੂੰ ਵੋਟ ਪਾਉ।ਜਿੱਤਣ ਤੋਂ ਬਾਅਦ ਮੈਂ ਤੁਹਾਨੂੰ ਕੰਬਲ ਦੇਵਾਂਗਾ।ਭੇਡਾਂ ਖ਼ੁਸ਼ ਹੋ ਗਈਆਂ।ਵਿਚੋਂ ਇੱਕ ਨੇ ਸਾਰੀਆਂ ਨੂੰ ਪੁੱਛਿਆ ਕਿ ਇਹ ਉੱਨ ਕਿੱਥੋਂ ਲਿਆਵਾਂਗਾ।ਸਾਰੀਆਂ ਨੇ ਸੋਚਿਆ ਅਤੇ ਸਮਝਿਆ ਕਿ ਇਹ ਸਾਨੂੰ ਮੁੰਨੇਗਾ।ਜਦੋਂ ਸਿਆਸਤਦਾਨ ਮੁਫ਼ਤ ਚੀਜ਼ਾਂ ਦੇਣ ਦੀ ਗੱਲ ਕਰਦੇ ਹਨ ਤਾਂ ਟੈਕਸ ਲਗਾ ਕੇ ਸਾਨੂੰ ਹੀ ਮੰਨਦੇ ਹਨ।
ਸਰਕਾਰਾਂ ਦਾ ਕੰਮ ਹੈ ਅਤੇ ਫ਼ਰਜ਼ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇਵੇ ਅਤੇ ਪੂਰੀਆਂ ਤਨਖ਼ਾਹਾਂ ਦੇਵੇ।ਡੰਡੇ ਖਾਣ ਲਈ ਅਤੇ ਧਰਨਿਆਂ ਤੇ ਬੈਠਣ ਲਈ ਲੋਕਾਂ ਨੇ ਆਪਣੇ ਬੱਚੇ ਨਹੀਂ ਪੜ੍ਹਾਏ।ਕਿਸੇ ਨੂੰ ਡੰਡਿਆਂ ਨਾਲ ਕੁੱਟ ਮਾਰ ਕਰਨ ਦਾ ਕੋਈ ਹੱਕ ਨਹੀਂ ਹੈ।ਜਿਹੜੇ ਨੌਕਰੀਆਂ ਮੰਗਣ ਉਹ ਵੀ ਡੰਡੇ ਖਾਣ ਅਤੇ ਪੂਰੀਆਂ ਤਨਖ਼ਾਹਾਂ ਮੰਗਣ ਤਾਂ ਵੀ ਡੰਡੇ ਖਾਣ।ਲੋਕਾਂ ਨੇ ਚੁਣ ਕੇ ਇਸ ਲਈ ਭੇਜਿਆ ਹੈ ਕਿ ਸਾਡੀ ਬਿਹਤਰੀ ਲਈ ਕੰਮ ਕਰੋ।ਚੋਣਾਂ ਆ ਰਹੀਆਂ ਹਨ,ਹੁਣ ਫੇਰ ਝਾਂਸੇ ਵਿਚ ਆਉਣ ਦਾ ਵੇਲਾ ਆ ਰਿਹਾ ਹੈ।ਜਦੋਂ ਹਰ ਮਹਿਕਮੇ ਦੇ ਲੋਕ ਅਤੇ ਹੋਰ ਲੋਕ ਤੰਗ ਆਏ ਸੜਕਾਂ ਤੇ ਆ ਜਾਣ ਅਤੇ ਧਰਨਿਆਂ ਤੇ ਬੈਠਣ ਲਈ ਮਜਬੂਰ ਹੋ ਜਾਣ ਤਾਂ ਇਹ ਸਰਕਾਰਾਂ ਅਤੇ ਨੀਤੀਆਂ ਬਣਾਉਣ ਵਾਲਿਆਂ ਦੀਆਂ ਨਲਾਇਕੀਆਂ ਹੀ ਕਹੀਆਂ ਜਾ ਸਕਦੀਆਂ ਹਨ।ਜਿਹੜੀਆਂ ਸਰਕਾਰਾਂ ਲੋਕਾਂ ਦੀ ਆਵਾਜ਼ ਨਾ ਸੁਣਨ,ਡੰਡੇ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣ ਲੱਗ ਜਾਣ ਤਾਂ ਸਮਝ ਲਵੋ ਕਿ ਅਸੀਂ ਸਰਕਾਰਾਂ ਬਣਾਉਣ ਵਿਚ ਗ਼ਲਤੀ ਕਰ ਲਈ ਹੈ।ਅਗਲੀ ਵਾਰ ਆਪਣੀ ਗ਼ਲਤੀ ਨੂੰ ਸੁਧਾਰਨ ਹੀ ਸਿਆਣਪ ਹੁੰਦੀ ਹੈ।ਜੇਕਰ ਅਸੀਂ ਆਪਣੀਆਂ ਗ਼ਲਤੀਆਂ ਤੋਂ ਕੁੱਝ ਵੀ ਨਾ ਸਿੱਖਿਆ ਅਤੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਇਵੇਂ ਹੀ ਨੌਕਰੀਆਂ ਮੰਗਣ ਅਤੇ ਪੂਰੀਆਂ ਤਨਖ਼ਾਹਾਂ ਮੰਗਣ ਤੇ ਡੰਡੇ ਪੈਂਦੇ ਰਹਿਣਗੇ।ਵੋਟ ਪਾਉਣ ਲੱਗਿਆਂ ਸੋਚੋ।ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨੌਕਰੀਆਂ ਅਤੇ ਪੂਰੀ ਤਨਖ਼ਾਹ ਲੈਣਾ ਅਤੇ ਮੰਗਣਾ ਸਾਡਾ ਹੱਕ ਹੈ।ਪਰ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਇਹ ਮੰਗਣ ਤੇ ਡੰਡੇ ਪੈਣ ਇਹ ਬਿਲਕੁਲ ਜ਼ਿਆਦਤੀ ਹੈ ਅਤੇ ਧੱਕਾ ਹੈ।
प्रेमानंद जी महाराज वृंदावन का जीवन परिचय……
प्रारंभिक बचपन: एक अव्यक्त आध्यात्मिक चिंगारी पूज्य महाराज जी का जन्म एक विनम्र और अत्यंत पवित्र ब्राह्मण परिवार में हुआ...