ਲੇਖਕ – ਹਰਮਿੰਦਰ ਕਾਲੜਾ
ਇਹ ਗੱਲ 1995 ਦੀ ਹੈ। ਅਸੀਂ ਉਦੋਂ ਚੰਡੀਗੜ੍ਹ ਦੇ ਸੈਕਟਰ 45 ਵਿੱਚ ਰਹਿ ਰਹੇ ਸੀ। ਇੱਕ ਦਿਨ ਕੁਝ ਸੰਤ-ਸੰਤਣੀਆਂ ਘਰ-ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਭਵਨ, ਸੈਕਟਰ 33-ਏ ਵਿੱਚ ਆਉਣ ਦਾ ਸੱਦਾ ਦੇ ਰਹੇ ਸਨ। ਇਸ ਸੱਦੇ ਦੇ ਨਾਲ ਕਿਹਾ ਜਾ ਰਿਹਾ ਸੀ ਕਿ ਵਿਅਕਤੀ ਦੀ ਜ਼ਿੰਦਗੀ ਵਿੱਚ ਭੱਜ-ਦੌੜ ਏਨੀ ਜ਼ਿਆਦਾ ਵਧ ਗਈ ਹੈ ਕਿ ਉਸ ਨੂੰ ਅਨੇਕਾਂ ਬਿਮਾਰੀਆਂ ਜਕੜ ਰਹੀਆਂ ਹਨ। ਜ਼ਿੰਦਗੀ ਵਿੱਚ ਸਹਿਜ ਅਤੇ ਸ਼ਾਂਤੀ ਲਈ ਉਹ ਉਨ੍ਹਾਂ ਦੇ ਭਵਨ ਵਿੱਚ ਆਉਣ ਜਿੱਥੇ ਨਾ ਸਿਰਫ਼ ਪ੍ਰਵਚਨ ਹੋਣਗੇ ਸਗੋਂ ਯੋਗਾ ਦੀਆਂ ਕੁਝ ਕਿਰਿਆਵਾਂ ਵੀ ਦੱਸੀਆਂ ਜਾਣਗੀਆਂ। ਸੱਦਾ ਦੇਣ ਵਾਲੇ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਦੇ ਲੋਕ ਸਨ। ਉਨ੍ਹਾਂ ਨੇ ਮੈਨੂੰ ਵੀ ਇਹ ਸੱਦਾ ਦਿੱਤਾ। ਮੈਂ ਵੀ ਉਨ੍ਹਾਂ ਤੋਂ ਕੁਝ ਨਵਾਂ ਸਿੱਖਣ ਦੀ ਇੱਛਾ ਵਜੋਂ ਅਗਲੇ ਦਿਨ ਐਤਵਾਰ ਉਨ੍ਹਾਂ ਦੇ ਭਵਨ ਆਉਣ ਦਾ ਵਾਅਦਾ ਕੀਤਾ।
ਅਗਲੇ ਦਿਨ ਬਾਅਦ ਦੁਪਹਿਰ ਚਾਰ ਵਜੇ ਦੱਸੇ ਸਮੇਂ 'ਤੇ ਮੈਂ ਜਦੋਂ ਪੁੱਜਾ ਤਾਂ ਮੇਰੇ ਤੋਂ ਪਹਿਲਾਂ ਵੀ ਕੋਈ 30-35 ਜਣੇ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕੁਝ ਕੁ ਔਰਤਾਂ ਵੀ ਸਨ। ਜ਼ਿਆਦਾਤਰ ਲੋਕ 50 ਸਾਲ ਦੇ ਨੇੜੇ-ਤੇੜੇ ਦੇ ਸਨ। ਸਭ ਤੋਂ ਪਹਿਲਾਂ ਇੱਕ ਛੋਟੇ ਜਿਹੇ ਹਾਲ ਵਿੱਚ ਜਿੱਥੇ ਸਭ ਇਕੱਠੇ ਹੋਏ ਸਨ, ਉਥੇ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤੇ ਹਰ ਇੱਕ ਨੂੰ ਆਪਣੀਆਂ ਅੱਖਾਂ ਬੰਦ ਕਰਕੇ, ਸ਼ਾਂਤ ਮਨ ਨਾਲ, ਇਕਾਗਰ ਚਿਤ ਹੋ ਕੇ, ਧਿਆਨ ਆਪਣੇ ਅੰਦਰ ਕੇਂਦਰਿਤ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਕੁਝ ਯੋਗਾ ਦੇ ਅਭਿਆਸ ਕਰਵਾਏ ਗਏ। ਯੋਗਾ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਨੇ ਕੁਝ ਪ੍ਰਵਚਨ ਕੀਤੇ। ਉਸ ਦੇ ਪ੍ਰਵਚਨਾਂ ਤੋਂ ਇੱਥੇ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਹਿੰਦੂ ਮਤ ਵਿੱਚ ਇਹ ਵੀ ਧਾਰਨਾ ਹੈ ਜੋ ਇਹ ਮੰਨਦੇ ਹਨ ਕਿ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਮਰਨ ਤੋਂ ਬਾਅਦ ਮੁੜ ਕੇ ਉਸੇ ਜੂਨ ਅਰਥਾਤ ਜੇ ਆਦਮੀ ਹੈ ਤਾਂ ਅਗਲੀ ਜੂਨ ਵਿੱਚ ਵੀ ਆਦਮੀ, ਤੇ ਜੇ ਔਰਤ ਹੈ ਤਾਂ ਅਗਲੀ ਜੂਨ ਵਿੱਚ ਵੀ ਔਰਤ ਦੀ ਜੂਨ ਵਿੱਚ ਹੀ ਪੈਂਦਾ ਹੈ।
ਇਸ ਤੋਂ ਪਹਿਲਾਂ ਮੈਂ ਇਹ ਹੀ ਜਾਣਦਾ ਸੀ ਕਿ ਹਿੰਦੂ ਧਰਮ ਅਤੇ ਸਿੱਖ ਧਰਮ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਆਦਮੀ ਨੂੰ ਮਰਨ ਮਗਰੋਂ ਚੁਰਾਸੀ ਲੱਖ ਜੂਨਾਂ ਵਿੱਚੋਂ ਗੁਜ਼ਰਨ ਮਗਰੋਂ ਹੀ ਮੁੜ ਕੇ ਆਦਮੀ ਦੀ ਜੂਨ ਮਿਲਦੀ ਹੈ। ਸਾਡੇ ਇੱਥੇ ਮਰਨ ਮਗਰੋਂ ਚੁਰਾਸੀ ਦੇ ਗੇੜ ਵਿੱਚ ਪੈਣਾ ਅਸ਼ੁਭ ਮੰਨਿਆਂ ਜਾਂਦਾ ਹੈ ਅਤੇ ਇਸੇ ਕਰਕੇ ਕਿਸੇ ਦੀ ਅੰਤਿਮ ਅਰਦਾਸ ਆਦਿ ਵੇਲੇ ਧਾਰਮਿਕ ਨੁਮਾਇੰਦੇ ਅਰਦਾਸ ਕਰਨ ਵੇਲੇ ਜਿੱਥੇ ਘਰ ਦੇ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਗੱਲ ਕਰਦੇ ਹਨ ਤਾਂ ਨਾਲ ਹੀ ਪ੍ਰਮਾਤਮਾ ਅੱਗੇ ਇਹ ਵੀ ਬੇਨਤੀ ਕਰਦੇ ਹਨ ਕਿ ਹੇ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਇਸ ਨੂੰ ਚੁਰਾਸੀ ਦੇ ਗੇੜ ਤੋਂ ਬਚਾਉਣਾ।
ਪਰ ਇੱਥੇ ਪ੍ਰਵਚਨਕਰਤਾ ਨੇ ਆਪਣੇ ਕਥਨ ਨੂੰ ਹੋਰ ਸਪਸ਼ਟ ਕਰਨ ਵਾਸਤੇ ਸਾਹਮਣੇ ਵਾਲੀ ਪੂਰੀ ਕੰਧ ਉਪਰ ਬਣੇ ਹੋਏ ਇੱਕ ਚਿੱਤਰ ਦਾ ਸਹਾਰਾ ਲਿਆ, ਜੋ ਇਹ ਦਰਸਾਉਂਦਾ ਸੀ ਕਿ ਇੱਕ ਆਦਮੀ ਜੋ ਧਰਤੀ ਉੱਪਰ ਮਰ ਜਾਂਦਾ ਹੈ, ਉਹ ਉੱਪਰ ਪਰਮ ਆਤਮਾ ਜਾਂ ਪ੍ਰਮਾਤਮਾ ਕੋਲ ਚਲਾ ਜਾਂਦਾ ਹੈ। ਉਸ ਕੋਲ ਜਾਣ ਤੋਂ ਬਾਅਦ ਉਹ ਵਾਪਸ ਇਸ ਧਰਤੀ ਉਪਰ ਮੁੜ ਤੋਂ ਆਦਮ ਜ਼ਾਤ ਵਜੋਂ ਨਵਾਂ ਜੀਵਨ ਸ਼ੁਰੂ ਕਰਦਾ ਹੈ। ਪ੍ਰਵਚਨਕਰਤਾ ਨੇ ਉਸ ਕੰਧ ਵਾਲੀ ਤਸਵੀਰ ਦੀ ਵਿਆਖਿਆ ਕਰਦਿਆਂ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਇਆ। ਪ੍ਰਵਚਨ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਜੇ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਉਹ ਸਵਾਲ ਪੁੱਛ ਕੇ ਸ਼ੰਕਾ ਦਾ ਨਿਵਾਰਣ ਕਰ ਸਕਦਾ ਹੈ।
ਬਹੁਤੇ ਲੋਕ ਉਨ੍ਹਾਂ ਦੇ ਸ਼ਰਧਾਵਾਨ ਸਨ, ਇਸ ਲਈ ਕਿੰਤੂ ਪ੍ਰੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਰ ਮੈਂ ਹੌਸਲਾ ਕਰਕੇ ਪ੍ਰਵਚਨ ਕਰਤਾ ਤੋਂ ਇੱਕ ਸ਼ੰਕਾ ਦੂਰ ਕਰਨ ਲਈ ਸਵਾਲ ਕਰਨ ਦੀ ਆਗਿਆ ਚਾਹੀ। ਉਨ੍ਹਾਂ ਨੇ ਸਵਾਲ ਕਰਨ ਦੀ ਆਗਿਆ ਦਿੱਤੀ ਤਾਂ ਮੈਂ ਪੁੱਛਿਆ, “ਕੀ ਜਦੋਂ ਆਦਮੀ ਮਰਦਾ ਹੈ ਤਾਂ ਉਸ ਦੀ ਯਾਦਦਾਸ਼ਤ ਜਿਊਂਦੀ ਰਹਿੰਦੀ ਹੈ ਜਾਂ ਮਰ ਜਾਂਦੀ ਹੈ।” ਪ੍ਰਵਚਨਕਰਤਾ ਨੂੰ ਸ਼ਾਇਦ ਅਜਿਹੇ ਕਿਸੇ ਸਵਾਲ ਦੀ ਉਮੀਦ ਨਹੀਂ ਰਹੀ ਹੋਵੇਗੀ। ਇਸ ਲਈ ਉਸ ਨੂੰ ਕੁਝ ਦੇਰ ਸੋਚਣਾ ਪਿਆ ਤੇ ਫਿਰ ਕਿਹਾ, “ਜਦੋਂ ਆਦਮੀ ਮਰਦਾ ਹੈ ਤਾਂ ਉਸ ਦੀ ਯਾਦਦਾਸ਼ਤ ਵੀ ਨਾਲ ਹੀ ਮਰ ਜਾਂਦੀ ਹੈ।”
ਮੈਂ ਪੁੱਛਿਆ, “ਜੇ ਯਾਦਦਾਸ਼ਤ ਬੰਦੇ ਦੀ ਮੌਤ ਦੇ ਨਾਲ ਹੀ ਮਰ ਜਾਂਦੀ ਹੈ ਤਾਂ ਤੁਸੀਂ ਆਪਣਾ ਇਹ ਸਿਧਾਂਤ ਤਾਂ ਸਾਬਤ ਹੀ ਨਹੀਂ ਕਰ ਸਕਦੇ ਕਿ ਅਗਲੀ ਜੂਨ ਵਿੱਚ ਆਦਮੀ ਮੁੜ ਆਦਮੀ ਦੀ ਜੂਨ ਵਿੱਚ ਹੀ ਪੈਂਦਾ ਹੈ।”ਦਰਅਸਲ ਪ੍ਰਵਚਨਕਰਤਾ ਨੇ ਦੂਜਾ ਉੱਤਰ ਦੇਣਾ ਇਸ ਲਈ ਠੀਕ ਨਹੀਂ ਸਮਝਿਆ ਹੋਵੇਗਾ, ਕਿਉਂਕਿ ਉਸ ਨੂੰ ਮੈਂ ਸਿੱਧਾ ਹੀ ਸਵਾਲ ਕਰ ਸਕਦਾ ਸੀ ਕਿ ਜੇ ਯਾਦਦਾਸ਼ਤ ਜਿਊਂਦੀ ਰਹਿੰਦੀ ਹੈ ਤਾਂ ਤੁਸੀਂ ਖ਼ੁਦ ਹੀ ਦੱਸੋ ਕਿ ਪਿਛਲੀ ਜੂਨ ਵਿੱਚ ਤੁਸੀਂ ਕੀ ਸੀ। ਪਰ ਜਦੋਂ ਮੈਂ ਇਹ ਗੱਲ ਕਹੀ ਕਿ ਇਸ ਤਰ੍ਹਾਂ ਤਾਂ ਤੁਸੀਂ ਆਪਣਾ ਸਿਧਾਂਤ ਸਾਬਤ ਹੀ ਨਹੀਂ ਕਰ ਸਕਦੇ ਕਿ ਆਦਮੀ ਮਰਨ ਮਗਰੋਂ ਮੁੜ ਆਦਮੀ ਦੀ ਜੂਨ ਵਿੱਚ ਹੀ ਪੈਂਦਾ ਹੈ ਤਾਂ ਉਸ ਨੇ ਮੈਨੂੰ ਸਵਾਲ ਕੀਤਾ, “ਕੀ ਤੁਸੀਂ ਰੱਬ ਵਿੱਚ ਵਿਸ਼ਵਾਸ ਰੱਖਦੇ ਹੋ?”
ਸਪਸ਼ਟ ਸੀ ਕਿ ਉਹ ਉਸ ਮੁੱਦੇ ਤੋਂ ਗੱਲ ਨੂੰ ਲਾਂਭੇ ਹਟਾਉਣਾ ਚਾਹੁੰਦਾ ਸੀ। ਇਸ ਲਈ ਮੈਂ ਕਿਹਾ, “ਜੋ ਮੈਂ ਜਾਣਨਾ ਚਾਹੁੰਦਾ ਹਾਂ, ਤੁਹਾਡਾ ਇਹ ਸਵਾਲ ਉਸ ਨਾਲ ਕੋਈ ਸਬੰਧ ਨਹੀਂ ਰੱਖਦਾ।”ਸ਼ਾਇਦ ਅਜਿਹੇ ਸਵਾਲਾਂ ਦਾ ਉਨ੍ਹਾਂ ਦੇ ਆਪਣੇ ਪੱਕੇ ਪੈਰੋਕਾਰਾਂ ਉਤੇ ਉਲਟ ਅਸਰ ਪੈਂਦਾ ਹੋਵੇਗਾ। ਇਸ ਕਰਕੇ ਮੈਨੂੰ ਉਨ੍ਹਾਂ ਨੇ ਉਸ ਤੋਂ ਬਾਅਦ ਕਦੀ ਪ੍ਰਵਚਨ ਸਭਾ ਵਿੱਚ ਆਉਣ ਦਾ ਸੱਦਾ ਨਾ ਦਿੱਤਾ।
ਦੁਨੀਆਂ ਦੇ ਦੋ ਸਭ ਤੋਂ ਵੱਡੇ ਧਰਮਾਂ ਅਰਥਾਤ ਈਸਾਈ ਅਤੇ ਮੁਸਲਿਮ ਧਰਮ ਵਿੱਚ ਇਹ ਨਹੀਂ ਮੰਨਿਆਂ ਜਾਂਦਾ ਕਿ ਮਰਨ ਤੋਂ ਬਾਅਦ ਆਦਮੀ ਹੋਰਨਾਂ ਜਨਮਾਂ ਵਿੱਚੋਂ ਲੰਘਦਾ ਹੈ, ਜਾਂ ਚੁਰਾਸੀ ਲੱਖ ਜੂਨਾਂ ਹੁੰਦੀਆਂ ਹਨ। ਇੱਥੇ ਜਾ ਕੇ ਮੈਨੂੰ ਇਹ ਵਿਸ਼ਵਾਸ ਜ਼ਰੂਰ ਹੋ ਗਿਆ ਕਿ ਜੇ ਕਿਸੇ ਮਤ ਦੇ ਪੈਰੋਕਾਰ ਇੱਕ ਜੂਨ ਜਾਂ ਜਨਮ ਦੇ ਵਿਚਾਰ ਬਾਰੇ ਹੀ ਸਪਸ਼ਟ ਨਹੀਂ ਕਰ ਸਕਦੇ ਤਾਂ ਚੁਰਾਸੀ ਲੱਖ ਜਨਮਾਂ ਦੀ ਗੱਲ ਤਾਂ ਹੋਰ ਵੀ ਘਚੋਲਾ ਪਾਉਣ ਵਾਲੀ ਹੈ।