ਪੈਸਾ ਬਹੁਤ ਕੁੱਝ ਹੈ,ਪਰ ਸਭ ਕੁੱਝ ਨਹੀਂ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਪੈਸੇ  ਬਗੈਰ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾ। ਪਰ ਪੈਸਾ ਦਿਮਾਗ਼ ਨੂੰ ਚੜ੍ਹ ਜਾਵੇ ਤਾਂ ਨਤੀਜੇ ਖ਼ਤਰਨਾਕ ਨਿਕਲਦੇ ਹਨ।ਰਿਸ਼ਤੇ ਪੈਸੇ ਨਾਲੋਂ ਵਧੇਰੇ ਕੀਮਤੀ ਹੁੰਦੇ ਹਨ,ਉਨ੍ਹਾਂ ਨੂੰ ਪੈਸੇ ਖਾਤਰ ਲੀਰ ਲੀਰ ਕਰਨਾ ਗਲਤ ਹੈ।ਪੈਸੇ ਦੀ ਘਾਟ ਵਿੱਚ ਵੀ ਲੋਕ ਖੁਸ਼ ਵੇਖੇ ਨੇ ਅਤੇ ਬਹੁਤ ਪੈਸੇ ਵਾਲੇ ਬੇਹੱਦ ਦੁੱਖੀ ਵੀ ਵੇਖੇ ਨੇ।ਜੇਕਰ ਪੇਟ ਭਰ ਰੋਟੀ ਮਿਲ ਰਹੀ ਹੈ,ਸਿਰ ਤੇ ਛੱਤ ਹੈ ਅਤੇ ਸਰੀਰ ਢਕਣ ਨੂੰ ਕਪੜੇ ਹਨ ਤਾਂ ਖੁਸ਼ ਰਹਿਣ ਵਾਲੇ ਖੁਸ਼ ਰਹਿ ਸਕਦੇ ਹਨ।ਜੇਕਰ ਪੈਸੇ ਪਿੱਛੇ ਦੌੜ ਦੌੜਕੇ ਸਿਹਤ ਖਰਾਬ ਹੋ ਗਈ,ਪਰਿਵਾਰ ਵਿੱਚ ਲੜਾਈ ਝਗੜਾ ਰਹਿਣ ਲੱਗੇ ਤਾਂ ਉਸ ਪੈਸੇ ਦਾ ਕੋਈ ਫ਼ਾਇਦਾ ਨਹੀਂ।

ਇਸ ਵਕਤ ਪਰਿਵਾਰਾਂ ਅਤੇ ਸਮਾਜ ਵਿੱਚ ਪੈਸੇ ਅਤੇ ਜਾਇਦਾਦ ਨੂੰ ਲੈਕੇ ਬਹੁਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਇਹ ਵੀ ਹਕੀਕਤ ਹੈ ਕਿ ਪੈਸੇ ਦੇ ਨਾਲ ਸਮਾਜ ਵਿੱਚ ਇਜ਼ੱਤ ਮਿਲਦੀ ਹੈ,ਪਰ ਪੈਸੇ ਪਿੱਛੇ ਆਪਣਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਨਾਲ ਜਿਹੜੀ ਬੇਇੱਜ਼ਤ ਹੁੰਦੀ ਹੈ,ਉਹ ਵੀ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ।ਮੈਂ ਅੱਜ ਸਿਰਫ਼ ਬਜ਼ੁਰਗ ਮਾਪਿਆਂ ਦੀ ਗੱਲ ਕਰਾਂਗੀ।ਹਰ ਰੋਜ਼ ਕੋਈ ਖਬਰ ਪੜ੍ਹਨ ਨੂੰ ਜਾਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਜਾਂਦੀ ਹੈ,ਜਿਸ ਵਿੱਚ ਬਜ਼ੁਰਗ ਮਾਪਿਆਂ ਨੂੰ ਕੁੱਟ ਮਾਰ ਕਰਕੇ ਘਰਾਂ ਚੋਂ ਕੱਢਿਆ ਹੁੰਦਾ ਹੈ।ਉਨ੍ਹਾਂ ਨੂੰ ਖਾਣ ਨੂੰ ਸਹੀ ਤਰੀਕੇ ਨਾਲ਼ ਨਹੀਂ ਦਿੱਤਾ ਜਾਂਦਾ।ਜੇਕਰ ਉਨ੍ਹਾਂ ਕੋਲ ਕੋਈ ਜਮਾਂ ਪੂੰਜੀ ਹੈ ਤਾਂ ਉਹ ਮੰਗ ਮੰਗਕੇ ਉਨ੍ਹਾਂ ਦਾ ਜਿਊਣਾ ਔਖਾ ਕਰ ਦਿੰਦੇ ਹਨ।ਜਿਹੜੀ  ਜਾਇਦਾਦ ਉਨ੍ਹਾਂ ਦੇ ਨਾਮ ਤੇ ਹੁੰਦੀ ਹੈ,ਉਹ ਨੂੰਹਾਂ ਪੁੱਤ ਜਲਦੀ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੇ ਹਨ।ਜਿਹੜੇ ਮਾਪਿਆਂ ਨੇ ਪੁੱਤ ਨੂੰ ਬੁਢਾਪੇ ਦੀ ਡੰਗੋਰੀ ਸਮਝਿਆ ਸੀ,ਉਹ ਉਸਨੂੰ ਘਰਦੇ ਵਿੱਚ ਹੀ ਬਰਦਾਸ਼ਤ ਨਹੀਂ ਕਰਦਾ।ਬੜਾ ਦੁੱਖ ਹੁੰਦਾ ਹੈ,ਜਦੋਂ ਮਾਪਿਆਂ ਨੂੰ ਨੂੰਹਾਂ ਪੁੱਤ ਬੇਅਕਲ ਅਤੇ ਮੂਰਖ ਦੱਸਦੇ ਹਨ।ਮਾਪਿਆਂ ਦੀਆਂ ਅਸੀਸਾਂ ਬਗ਼ੈਰ ਬਰਕਤ ਅਤੇ ਤਰੱਕੀ ਬਹੁਤ ਔਖੀ ਹੁੰਦੀ ਹੈ।ਜੇਕਰ ਘਰ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਥਰੂ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਹੈ ਤਾਂ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਹੋਵੇ,ਸਕੂਨ ਨਹੀਂ ਮਿਲਦਾ।ਪੈਸਾ, ਮਾਪਿਆਂ ਦੀ ਥਾਂ ਨਹੀਂ ਲੈ ਸਕਦਾ।

ਜਿੱਥੇ ਮਾਪੇ ਬੜੇ ਫਖ਼ਰ ਨਾਲ ਕਹਿੰਦੇ ਹਨ ਕਿ ਸਾਡੀਆਂ ਧੀਆਂ ਅਤੇ ਜਵਾਈ ਸਾਡਾ ਬਹੁਤ ਖਿਆਲ ਰੱਖਦੇ ਹਨ,ਕਦੇ ਇਹ ਵੀ ਧਿਆਨ ਮਾਰ ਲੈਣਾ ਕਿ ਧੀ,ਆਪਣੇ ਸੱਸ ਸਹੁਰੇ ਦਾ ਕਿੰਨਾ ਕੁ ਖਿਆਲ ਰੱਖਦੀ ਹੈ।ਜੇਕਰ ਉਹ ਵਧੇਰੇ ਪੇਕਿਆਂ ਵੱਲ ਧਿਆਨ ਦੇਵੇਗੀ ਤਾਂ ਦੂਸਰੇ ਪਾਸੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਏਗੀ।ਇੱਥੇ ਲੜਕੀ ਨਾਲੋਂ ਉਸਦੇ ਮਾਪਿਆਂ ਦੀ ਵਧੇਰੇ ਗ਼ਲਤੀ ਹੈ।ਲੜਕੇ ਦੀ ਆਪਣੇ ਮਾਪਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀ।ਲੜਕਾ ਆਪਣੇ ਮਾਪਿਆਂ ਤੋਂ ਹੌਲੀ ਹੌਲੀ ਦੂਰੀ ਹੋਣ ਲੱਗਦਾ ਹੈ।ਮਾਪਿਆਂ ਨੂੰ ਵੀ ਬੁਢਾਪੇ ਦੀ ਫਿਕਰ ਹੋਣ ਲੱਗਦੀ ਹੈ।ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਜੇਕਰ ਪੱਲੇ ਕੁੱਝ ਨਾ ਹੋਇਆ ਤਾਂ ਬੁਢਾਪਾ ਔਖਾ ਹੋ ਜਾਏਗਾ।ਮਾਪੇ ਦਰਿਆ ਕੰਢੇ ਰੁੱਖ ਵਾਂਗ ਹੈ,ਕਦੋਂ ਵਹਿ ਜਾਵੇ,ਪਤਾ ਹੀ ਨਹੀਂ। 

ਪਿੱਛਲੇ ਦਿਨੀਂ ਇਕ ਬਜ਼ੁਰਗ ਮਾਂ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ।ਉਸਨੂੰ ਉਸਦੀ ਨੂੰਹ ਅਤੇ ਪੁੱਤ ਨੇ ਕੁੱਟਿਆ।ਦੋ ਸਾਲਾਂ ਤੋਂ ਉਹ ਦਫਤਰਾਂ ਦੇ ਚੱਕਰ ਲਗਾ ਰਹੀ ਸੀ ਪਰ ਕਿੱਧਰੇ ਵੀ ਸੁਣਵਾਈ ਨਹੀਂ ਹੋਈ।ਹੁਣ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਕੇਸ ਦਰਜ ਕਰਵਾਇਆ ਹੈ।ਬਹੁਤ ਲੋਕ ਕਹਿੰਦੇ ਹਨ ਕਿ ਦੂਸਰੀ ਧਿਰ ਦੀ ਵੀ ਸੁਣੋ।ਬਿਲਕੁੱਲ, ਉਨ੍ਹਾਂ ਨੂੰ ਵੀ ਗੱਲ ਕਹਿਣ ਦਾ ਹੱਕ ਹੈ।ਪਰ ਮਾਂ ਦੀ ਦੇਖਭਾਲ ਨਾ ਕਰਨ ਜਾਂ ਕੁੱਟਮਾਰ ਕਰਨਾ ਤਾਂ ਗ਼ਲਤ ਹੈ।ਮਾਪਿਆਂ  ਤਾਂ ਬੱਚਿਆਂ ਨੂੰ ਪਾਲਣ ਪੋਸ਼ਣ ਵੇਲੇ ਇਵੇਂ ਖਾਣਾ ਦੇਣ ਤੋਂ ਮਨ੍ਹਾਂ ਨਹੀਂ ਕਰਦੇ। 

ਮਾਪਿਆਂ ਨੇ ਜਾਇਦਾਦ ਬਣਾਈ ਹੀ ਬੱਚਿਆਂ ਲਈ ਹੁੰਦੀ ਹੈ।ਪਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ  ਇਹ ਜਾਇਦਾਦ ਜਾਂ ਪੈਸਾ ਵੀ ਹੁੰਦਾ ਹੈ।ਅਸਲ ਵਿੱਚ ਜੇਕਰ ਮਾਪੇ ਬੱਚਿਆਂ ਨੂੰ ਸਾਰਾ ਕੁੱਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ਅਤੇ ਜੇਕਰ ਨਹੀਂ ਦਿੰਦੇ ਤਾਂ ਵੀ ਮੁਸ਼ਕਿਲ ਹੋ ਜਾਂਦਾ ਹੈ।ਨੂੰਹਾਂ ਪੁੱਤਾਂ ਨੂੰ ਸਬਰ ਕਰਨਾ ਚਾਹੀਦਾ ਹੈ।ਅਸਲ ਵਿੱਚ ਨੂੰਹਾਂ ਪੁੱਤਾਂ ਦੀ ਸੋਚ  ‘ਮੁਰਗੀ’ਖਾਣ ਵਾਲੀ ਹੈ।ਕਿੰਨੀ ਸ਼ਰਮ ਦੀ ਗੱਲ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨੀ ਨਹੀਂ,ਪਰ ਉਨ੍ਹਾਂ ਦਾ ਪੈਸਾ ਅਤੇ ਜਾਇਦਾਦ ਚਾਹੀਦੀ ਹੈ।ਪੈਸਾ ਬਹੁਤ ਕੁੱਝ ਹੈ,ਪਰ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾ।ਮਾਪਿਆਂ ਨੇ ਬਚਪਨ ਵਿੱਚ ਬਥੇਰੀਆਂ ਰਾਤਾਂ ਜਾਗਕੇ ਕੱਟੀਆ ਹੋਣਗੀਆਂ,ਪਰ ਮਾਪਿਆਂ ਨੇ ਤਾਂ ਕਦੇ ਬੱਚਿਆਂ ਨੂੰ ਇਵੇਂ ਸੜਕਾਂ ਤੇ ਧੱਕੇ ਖਾਣ ਲਈ ਘਰ ਚੋਂ ਬਾਹਰ ਨਹੀਂ ਕੱਢਿਆ।

ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਐਕਟ ਬਣਿਆ ਹੋਇਆ ਹੈ।ਉਸ ਵਿੱਚ ਐਸ ਡੀ ਐਮ ਕੋਲ ਮਾਪੇ ਆਪਣੀ ਸ਼ਕਾਇਤ ਕਰਨਗੇ ਅਤੇ ਉਸਤੇ ਸਮਾਂ ਸੀਮਾਂ ਵੀ ਤਹਿ ਹੈ।ਪਰ ਰਿਸ਼ਵਤ ਦੇ ਬੋਲ ਬਾਲੇ ਕਰਕੇ,ਬਜ਼ੁਰਗਾਂ ਦੀ ਬਹੁਤੀ ਵਾਰ ਸੁਣਵਾਈ ਨਹੀਂ ਹੋ ਰਹੀ।ਇੱਥੇ ਦਫਤਰਾਂ ਵਿੱਚ ਬੈਠਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਸਾਰਾ ਕੁੱਝ ਸਮਾਜ ਵਿੱਚ ਚੱਲਦਾ ਰਿਹਾ ਤਾਂ ਤੁਹਾਡੇ ਘਰਾਂ ਵਿੱਚ ਅਤੇ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ। 

 ਪੈਸੇ ਰਿਸ਼ਵਤ ਦੇ ਲੈਕੇ ਕੁੱਝ ਵਕਤ ਲਈ ਤਾਂ ਵਧੀਆ ਲੱਗੇਗਾ,ਪਰ ਇਸਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ।ਨੈਤਿਕ ਕਦਰਾਂ ਕੀਮਤਾਂ ਦਾ ਗਲਾ ਘੁੱਟ ਕੇ,ਇਕੱਠੇ ਕੀਤੇ ਪੈਸੇ ਬਹੁਤ ਕੁੱਝ ਬਰਬਾਦ ਕਰ ਦਿੰਦੇ ਹਨ।ਪੈਸਾ ਬਹੁਤ ਕੁੱਝ ਹੈ,ਇਸ ਬਗ਼ੈਰ ਕਿਸੇ ਦਾ ਗੁਜ਼ਾਰਾ ਨਹੀਂ, ਪਰ ਦੂਸਰੇ ਨੂੰ ਤੰਗੀ ਦੇਕੇ ਕਮਾਇਆ ਪੈਸਾ,ਕਦੇ ਖੁਸ਼ੀਆਂ ਨਹੀਂ ਦੇ ਸਕਦਾ।

ਮਾਪਿਆਂ ਕੋਲੋਂ ਜ਼ਬਰਦਸਤੀ ਪੈਸੇ ਅਤੇ ਜਾਇਦਾਦ ਲੈਕੇ,ਉਨ੍ਹਾਂ ਦੀ ਕੁੱਟਮਾਰ ਕਰਕੇ ਘਰੋਂ ਕੱਢਕੇ,ਰਾਤ ਨੂੰ ਉਸ ਘਰ ਵਿੱਚ ਨੀਂਦ ਕਿਵੇਂ ਆਉਂਦੀ ਹੈ,ਇਹ ਬਹੁਤ ਵੱਡਾ ਸਵਾਲ ਹੈ।ਮਾਪੇ ਬਹੁਤੀ ਵਾਰ ਔਲਾਦ ਦੀ ਜ਼ਿਆਦਤੀ ਬਰਦਾਸ਼ਤ ਕਰਦੇ ਰਹਿੰਦੇ ਹਨ।ਇਸਨੂੰ ਨੂੰਹਾਂ ਪੁੱਤ ਉਨ੍ਹਾਂ ਦੀ ਕਮਜ਼ੋਰੀ ਸਮਝਦੇ ਹਨ।ਮਾਪਿਆਂ ਵਰਗਾ ਕੋਈ ਨਹੀਂ ਹੋ ਸਕਦਾ,ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ।ਜਿਹੜੇ ਇਹ ਕਹਿੰਦੇ ਹਨ ਕਿ ਮਾਪੇ ਵੀ ਗ਼ਲਤ ਹੋ ਸਕਦੇ ਹਨ,ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਔਲਾਦ ਨੇ ਬਚਪਨ ਤੋਂ ਲੈਕੇ ਹੁਣ ਤੱਕ ਬਹੁਤ ਕੁੱਝ ਕੀਤਾ ਹੋਏਗਾ,ਪਰ ਮਾਪਿਆਂ ਨੇ ਤਾਂ ਧੱਕੇ ਮਾਰਕੇ ਘਰੋਂ ਨਹੀਂ ਕੱਢਿਆ।ਬੱਚੇ ਗੁੱਸੇ ਵੀ ਹੋ ਜਾਣ ਤਾਂ ਮਾਂ ਨੂੰ ਰੋਟੀ ਖਵਾਏ ਬਗ਼ੈਰ ਚੈਨ ਨਹੀਂ ਆਉਂਦੀ।

 ਪੈਸੇ ਪਿੱਛੇ ਆਪਣੇ ਮਾਪਿਆਂ ਨੂੰ ਧੱਕੇ ਨਾ ਮਾਰੋ।’ਪੈਸਾ ਬਹੁਤ ਕੁੱਝ ਹੈ,ਪਰ ਸਭ ਕੁੱਝ ਨਹੀਂ’।”ਮਾਪਿਆਂ ਦੀਆਂ ਗਾਲ੍ਹਾਂ, ਘਿਉ ਦੀਆਂ ਨਾਲਾਂ” ਹੁੰਦੀਆਂ ਹਨ।ਮਾਪੇ ਮਰਨ ਤੱਕ ਔਲਾਦ ਦੀ ਬਿਹਤਰੀ ਲਈ ਦੁਆਵਾਂ ਕਰਦੇ ਹਨ।ਬਿਰਧ ਆਸ਼ਰਮਾਂ ਵਿੱਚ ਰਹਿ ਤਾਂ ਰਹੇ ਨੇ ਬਜ਼ਰਗ ,ਪਰ ਆਪਣਾ ਘਰ ਛੱਡਣ ਦਾ ਅਤੇ ਆਪਣੀ ਔਲਾਦ ਬਗੈਰ ਰਹਿਣ ਦਾ ਦੁੱਖ,ਉਨ੍ਹਾਂ ਨੂੰ ਹਰ ਪਲ ਮਾਰਦਾ ਹੈ।ਮੁਆਫ਼ ਕਰਨਾ ਜਦੋਂ ਪੁੱਤਾਂ ਤੇ ਕਾਰਵਾਈ ਕੀਤੀ ਜਾਂਦੀ ਹੈ,ਉਸਦੇ ਨਾਲ ਨੂੰਹਾਂ ਤੇ ਕਾਰਵਾਈ ਵੀ ਕੀਤੀ ਜਾਵੇ।ਬਹੁਤ ਵਾਰ ਪੁੱਤ ਜਾਇਦਾਦ ਦੀ ਮੰਗ ਘੱਟ ਕਰਦਾ ਹੈ ਪਰ ਨੂੰਹਾਂ ਨੂੰ ਅਤੇ ਉਸਦੇ ਮਾਪਿਆਂ ਨੂੰ ਵਧੇਰੇ ਕਾਹਲ ਹੁੰਦੀ ਹੈ।ਬਹੁਤ ਵਾਰ ਨੂੰਹਾਂ ਦੇ ਮਾਪਿਆਂ ਚੋਂ ਕੋਈ ਬੀਮਾਰ ਹੋਏ ਤਾਂ,ਇਲਾਜ ਦਾ ਬਹੁਤ ਫਿਕਰ ਹੁੰਦਾ ਹੈ।ਪਰ ਸੱਸ ਸੁਹਰਾ ਬੀਮਾਰ ਹੋਣ ਤਾਂ ਡਰਾਮੇ ਕਰਦੇ ਲੱਗਦੇ ਹਨ।ਉਨ੍ਹਾਂ ਦੇ ਇਲਾਜ ਲਈ ਪੈਸੇ ਖਰਚਣੇ,ਫਜ਼ੂਲ ਖਰਚੀ ਅਤੇ ਪੈਸੇ ਦੀ ਬਰਬਾਦੀ ਕਹੀ ਜਾਂਦੀ ਹੈ।ਇਹ ਕੌੜਾ ਸੱਚ ਹੈ।ਅਖੀਰ ਵਿੱਚ ਮੈਂ ਇਹ ਹੀ ਕਹਾਂਗੀ ਕਿ” ਪੈਸੇ ਨੂੰ ਆਪਣਾ ਗੁਲਾਮ ਰੱਖੋ,ਪੈਸੇ ਦੇ ਗੁਲਾਮ ਨਾ ਬਣੋ”ਮਾਪਿਆਂ ਦਾ ਸਤਿਕਾਰ ਕਰੋ।ਪੁੱਤਾਂ ਨੂੰ ਤਾਂ ਮਾਵਾਂ ਬਹੁਤ ਚਾਵਾਂ ਲਾਡਾਂ ਨਾਲ ਪਾਲਦੀਆਂ ਹਨ।ਪਰ ਹੁਣ ਤਾਂ ਪੁੱਤ ਹੀ ਮਾਵਾਂ ਨੂੰ ਘਰ ਵਿੱਚ ਨਹੀਂ ਰੱਖਦੇ।ਉਨ੍ਹਾਂ ਨੂੰ ਰੋਟੀ ਪਾਣੀ ਦੇਣਾ ਵੀ ਬੋਝ ਲੱਗਦਾ ਹੈ।ਕਿਸੇ ਨੇ ਠੀਕ ਹੀ ਕਿਹਾ ਹੈ,”ਦੁੱਧਾਂ ਨਾਲ ਪੁੱਤ ਪਾਲਕੇ,ਪਾਣੀ ਨੂੰ ਤਰਸਦੀਆਂ ਮਾਵਾਂ”।ਪੈਸੇ ਦੇ ਲਾਲਚ ਵਿੱਚ ਆਕੇ ਮਾਪਿਆਂ ਨੂੰ ਸੜਕਾਂ ਤੇ ਨਾ ਰੋਲੋ।ਯਾਦ ਰੱਖੋ,”ਪੈਸਾ ਬਹੁਤ ਕੁੱਝ ਹੈ,ਪਰ ਸਭ ਕੁੱਝ ਨਹੀਂ”।

Leave a Comment