ਜ਼ਿੰਦਗੀ ਦੇ ਹਨ੍ਹੇਰਿਆਂ ਨੂੰ ਚੀਰਕੇ ਨਿਕਲਿਆ ਮਘਦਾ ਸੂਰਜ

The News Air

ਸਵੇਰੇ-ਸਵੇਰੇ ਉੱਠਦਿਆ ਜਦ ਲੇਖਕ ਹਰਫੂਲ ਭੁੱਲਰ ਦੀ ਦਿਲਚਸਪ ਪੋਸਟ ” ਸ਼ੁਭ ਸਵੇਰ ਦੋਸਤੋ ” ਪੜ੍ਹੀਦੀ ਹੈ ਤਾਂ ਇਹ ਸਵੇਰ ਦੀ ਪਹਿਲੀ ਚਾਹ ਵਰਗੀ ਜ਼ਿੰਦਗੀ ਦਾ ਨਿਚੋੜ ਹੁੰਦੀ ਹੈ। ਹਰਫ਼ਾਂ ਰਾਹੀਂ ਕੈਦ ਕੀਤਾ ਪੂਰਾ ਸੰਸਾਰ ਹੁੰਦਾ ਹੈ।

ਇੰਝ ਲੱਗਦਾ ਇਸ ਇਨਸਾਨ ਬਾਰੇ ਜਿੰਨਾ ਖੂਨ ਇਸਦੇ ਸਰੀਰ ਵਿੱਚ ਚੌਵੀ ਘੰਟੇ ਦੀ ਖ਼ੁਰਾਕ ਤੋਂ ਬਣਦਾ ਹੈ, ਉਹ ਸਾਰੇ ਦਾ ਸਾਰਾ ਖੂਨ ਆਪਣੀ ਪੋਸਟ ਵਿੱਚ ਪਾ ਦਿੰਦਾ ਹੈ।ਹਰ ਰੋਜ਼ ਪੋਸਟ ਵਿੱਚ ਨਵੀਂ ਦਵਾਈ ਤਿਆਰ ਕਰਦੈ ਤਾਂ ਜੋ ਕਿਸੇ ਦੇ ਜ਼ਖਮਾਂ ਤੇ ਮਲਮ ਬਣਕੇ ਲੱਗੇ, ਕਿਸੇ ਨੂੰ ਜੀਵਨ ਜਾਂਚ ਦਾ ਰਾਹ ਦਿਸ ਪਏ, ਕੋਈ ਡਿੱਗਿਆ ਮਨੁੱਖ ਫਿਰ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਏ ਤੇ ਉਸ ਲਈ ਜ਼ਿੰਦਗੀ ਦੇ ਗੇਟ ਖੁੱਲ੍ਹ ਜਾਣ। ਇਸ ਕਲਮ ਕੋਲ ਏਨੀ ਆਕਸੀਜਨ ਹੈ ਕਿ ਇੱਕ ਪੋਸਟ ਜ਼ਰੀਏ ਸੌ ਰੁੱਖਾਂ ਜਿੰਨੀ ਆਕਸੀਜਨ ਰੋਜ਼ ਛੱਡਦਾ ਹੈ। ਇਸ ਲੇਖਕ ਨੂੰ ਪੜ੍ਹਕੇ ਬੰਦਾ ਉਦਾਸ ਹੁੰਦਾ, ਖੁਸ਼ ਹੁੰਦਾ, ਚਿੰਤਕ ਬਣਦਾ, ਜ਼ਿੰਦਗੀ ਦੇ ਅਰਥ ਕਰਨ ਲੱਗ ਪੈਂਦਾ, ਸੂਝ ਪੈਦਾ ਕਰਦਾ, ਹਾਰਕੇ ਵੀ ਫਿਰ ਮੈਦਾਨ ਵਿੱਚ ਫਿਰ ਲੜਨ ਲਈ ਸੋਚਣ ਲੱਗਦਾ। ਚੰਗੇ ਭਲੇ ਬੰਦੇ ਨੂੰ ਆਪਣੀ ਸੋਚ ਰਾਹੀਂ ਪੀ. ਐਚ. ਡੀ ਕਰਾ ਦਿੰਦੈ, ਜ਼ਮੀਨ ‘ਤੇ ਪਿਆ ਬੰਦਾ ਹਿੰਮਤ ਹਾਰਿਆ ਵੀ ਅਸਮਾਨ ਨੂੰ ਹੱਥ ਲਾਉਣ ਦੀ ਕੋਸ਼ਿਸ ਕਰਨ ਲਈ ਯਤਨਸ਼ੀਲ ਹੋ ਜਾਂਦਾ ਹੈ। ਇਸ ਲੇਖਕ ਨੂੰ ਏਨੀ ਕੁ ਜਾਣਕਾਰੀ ਹੈ ਕਿ ਮੇਰੇ ਵਰਗਾ ਘੱਟ ਬੁੱਧੀ ਵਾਲਾ ਸੋਚਾਂ ਵਿੱਚ ਪੈ ਜਾਂਦਾ ਹੈ। ਇਹ ਵੀਰ ਜਾਣਦਾ ਹੈ ਪੂਰੀ ਦੁਨੀਆ ਦੀ ਸਮੱਸਿਆ ਕੀ ਹੈ? ਤੇ ਉਸਦਾ ਹੱਲ ਕੀ ਹੈ? ਇਹਨੂੰ ਪਤੈ ਚਿਰਾਂਪੂਜੀ ਵਿੱਚ ਏਨੀ ਵਰਖਾ ਕਿਉਂ ਹੁੰਦੀ ਹੈ, ਦੇਸ਼ ਦੀਆਂ ਅਠਾਈ ਸਟੇਟਾਂ ਵਿੱਚ ਕੀ ਹੁੰਦਾ, ਕਸ਼ਮੀਰ ਵਿੱਚ ਠੰਡ ਕਿੰਨੀ, ਲੇਹ ਲੱਦਾਖ ਵਿੱਚ ਬਰਫ ਕਿੰਨੀ ਪੈਦੀ ਹੈ, ਪੰਜਾਬ ਦਾ ਮਸਲਾ ਕੀ ਹੈ, ਪੰਜਾਬ ਨੂੰ ਕਿਹੜੀਆਂ ਤਾਕਤਾਂ ਨੇ ਡੋਬਿਆ ਹੈ! ਨੌਜਵਾਨੀ ਕਿਹੜੇ ਰਸਤੇ ਪੈ ਕੇ ਕਿਵੇਂ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਗਰਕ ਕਰ ਰਹੀ ਹੈ। ਇੰਝ ਲੱਗਦਾ ਨੌਜਵਾਨ ਟੀਕੇ ਆਪਣੀਆ ਨਾੜਾਂ ਵਿੱਚ ਲਾ ਰਹੇ ਹੁੰਦੇ ਹਨ, ਪਰ ਦਰਦ ਇਸਦੇ ਜਿਸਮ ਵਿੱਚ ਹੁੰਦਾ ਹੈ। ਰੱਸਾ ਪੰਜਾਬ ਦਾ ਕਿਸਾਨ ਆਪਣੇ ਗਲ ਵਿੱਚ ਪਾ ਰਿਹਾ ਕਰਜ਼ੇ ਕਰਕੇ, ਪਰ ਗਲ ਇਸਦਾ ਘੁੱਟ ਹੋ ਰਿਹਾ ਹੈ। ਪੂਰੀ ਮਨੁੱਖਤਾਂ ਨੂੰ ਪਿਆਰ ਕਰਨ ਵਾਲੀ ਰੂਹ ‘ਹਰਫੂਲ ਸਿੰਘ ਭੁੱਲਰ’ ਅਕਲ ਦਾ ਦੂਜਾਂ ਨਾਂ ਹੈ। 

ਜ਼ਿੰਦਗੀ ਦੇ ਕਰੜੇ ਸੰਘਰਸ਼ ਨਾਲ ਘੋਲ ਕਰ ਚੁੱਕੀ ਇਸ ਸਖ਼ਸੀਅਤ ਦਾ ਜਨਮ 1977 ਵਿੱਚ ਪਿਤਾ ਸਵਰਗਵਾਸੀ ਕਾਕਾ ਸਿੰਘ ਭੁੱਲਰ ਅਤੇ ਮਾਤਾ ਸਵਰਗਵਾਸੀ ਗੁਰਦੇਵ ਕੌਰ ਦੇ ਘਰ ਮੰਡੀ ਕਲਾਂ ਜ਼ਿਲ੍ਹਾਂ ਬਠਿੰਡਾ ਵਿੱਚ, ਦਾਦਾ ਸਵਰਗਵਾਸੀ ਸਰਦਾਰ ਆਤਮਾ ਸਿੰਘ ਭੁੱਲਰ ( ਬਾਗ਼ ਵਾਲਾ ) ਜੀ ਦੇ ਬਹੁਤ ਸੋਹਣੇ ਚੱਲਦੇ ਕਾਰੋਬਾਰ ਵਾਲੇ ਅਮੀਰ ਘਰ ਵਿੱਚ ਹੋਇਆ। ਭੁੱਲਰ ਚਾਰ ਸਾਲਾਂ ਦਾ ਸੀ ਜਦੋ ਉਹਨਾਂ ਦੇ ਦਾਦਾ ਜੀ ਸਰਦਾਰ ‘ਆਤਮਾ ਸਿੰਘ ਭੁੱਲਰ ਬਾਗ਼ ਵਾਲੇ’ ਜੋ ਉਸ ਸਮੇਂ ਚੰਗੀ ਬਾਗ਼ਬਾਨੀ ਤੇ ਗੁਲਾਬ ਦੀ ਖੇਤੀ ਕਰਦੇ ਸਨ ਲੰਬੀ ਬਿਮਾਰੀ ਕਾਰਨ ਪਰਿਵਾਰ ਨੂੰ ਅਲਵਿਦਾ ਆਖ ਗਏ। ਪੰਜ ਪੁੱਤ ਸਨ ਜੱਟ ਦੇ, ਜਾਣ ਮਗਰੋ ਪਰਿਵਾਰ ਦਾ ਇਤਫ਼ਾਕ ਐਸਾ ਟੁੱਟਿਆ ਕਿ ਹੁਣ ਤੱਕ ਇੱਕ ਚਾਚਾ, ਇੱਕ ਤਾਇਆ ਤੇ ਪਿਤਾ ਜੀ ਵੀ ਸੰਸਾਰ ਤੋਂ ਚਲੇ ਗਏ। ਬਾਕੀ ਦੋ ਭਾਈ ਹਾਲੇ ਤੱਕ ਆਪਸ ਵਿੱਚ ਬੋਲਦੇ ਨਹੀਂ, ਫਿਰ ਭਲਾ ਇਨ੍ਹਾਂ ਬੱਚਿਆ ਨੇ ਕੀ ਸਿੱਖਣਾ ਸੀ? ਐਸੇ ਬਜ਼ੁਰਗਾਂ ਤੋਂ? ਦਿਲ ‘ਚ ਪੀੜ ਤਾਂ ਹੁੰਦੀ ਸੀ। ਦੁਬਾਰਾ ਜੋੜ ਵੀ ਉੱਥੇ ਲੱਗਦੇ ਹਨ ਜਦੋ ਹਰ ਪਾਸੇ ਤੋਂ ਯਤਨ ਹੋਵਣ। ਇੱਕ ਫੋਕੀ ਨਫ਼ਰਤ ਨੇ ਪਰਿਵਾਰ ਵਿੱਚ ਖਿਲਾਰਾ ਪਾ ਦਿੱਤਾ। ਲੇਖਕ ਹਰਫੂਲ ਸਿੰਘ ਭੁੱਲਰ ਦੀਆਂ ਅੱਖਾਂ ਵਿੱਚੋ ਹੰਝੂ ਡਿੱਗਦੇ ਰਹੇ ਤੇ ਕਿਸੇ ਪਾਸੇ ਤੋਂ ਅੱਖਾਂ ਪੂੰਝਣ ਨੂੰ ਕੋਈ ਰੁਮਾਲ ਲੈ ਕੇ ਅੱਗੇ ਨਾ ਆਇਆ।

ਜ਼ਿੰਦਗੀ ਨੇ ਅੱਗੇ ਤੁਰਨਾ ਸੀ ਤੇ ਉਹ ਵੀ ਮੋੜ ਕੱਟ-ਕੱਟ ਕੇ, ਪਰ ਨਫ਼ਰਤ ਸਫੈਦਿਆਂ ਦੇ ਦਰੱਖਤਾਂ ਵਾਂਗ ਦਿਨੋ ਦਿਨ ਉੱਚੀ ਹੁੰਦੀ ਗਈ। ਇਹ ਘਟਣ ਦੀ ਬਜਾਏ ਹੋਰ ਵਧੀ। ਦੁੱਖ ਬਹੁਤ ਲੱਗਦਾ ਸੀ ਉਸਨੂੰ ਕੀ ਕਰਦਾ ਫਿਰ ਉਸਨੇ ਸਭ ਕੁਝ ਭੁੱਲ-ਭੁੱਲਾ ਆਪਣੇ ਦਾਦਾ ਜੀ ਦੀ ਸੋਚ ਨੂੰ ਪ੍ਰੇਰਣਾ ਸਰੋਤ ਮੰਨ ਲਿਆ। ਅੱਤ ਦੇ ਬੁਰੇ ਦਿਨ ਆਏ, ਪੜ੍ਹਾਈ ਦੇ ਨਾਲ ਪਰਚੂਨ ਦੀ ਦੁਕਾਨ ਕਰਨੀ ਪਈ, ਪੀਟਰ ਰੇਹੜੇ ਨਾਲ ਲੋਕਾਂ ਦੇ ਘਰਾਂ ਅੰਦਰ ਤੂੜੀ ਢੋਈ, ਛੋਟਾ ਜਾ ਮੁਰਗੀਖ਼ਨਾ ਖੋਲ ਆਂਡੇ ਵੇਚੇ, ਬਿਨਾ ਕਸੂਰੋਂ ਤੋਂ ਬਚਪਨ ਆਪਣਿਆਂ ਦੇ ਧੱਕੇ ਦਾ ਸ਼ਿਕਾਰ ਹੋਇਆ, ਪਰ ਕੁਦਰਤ ਵੀ ਦੋਸਤੋ ਆਪਣੇ ਨਜ਼ਦੀਕੀ ਇਨਸਾਨਾਂ ਦੇ ਹੱਡਾਂ ‘ਤੇ ਹੀ ਸੱਟਾਂ ਮਾਰਦੀ ਹੈ। ਇੱਕ ਵਾਰ ਤਾਂ ਇਨਸਾਨ ਦਾ ਫ਼ਨ ਫੇਹ ਦਿੰਦੀ ਹੈ, ਫਿਰ ਭਾਵੇਂ ਗਲ ਨਾਲ ਲਾ ਲਵੇ ਤੇ ਭਰੇ ਖਜ਼ਾਨੇ ਬਖ਼ਸ਼ ਦੇਵੇ, ਪਰ ਇੱਕ ਵਾਰ ਪੂਰਾ ਰਿਮਾਂਡ ‘ਤੇ ਲੈ ਕੇ ਟਾਰਚਰ ਕਰਦੀ ਹੈ। ਚੜ੍ਹਦੀ ਜਵਾਨੀ ਦੀ ਪਹਿਲੀ ਵੱਡੀ ਖੁਸ਼ੀ ਇਸ ਸਖ਼ਸ਼ ਨੂੰ ਉਸ ਵੇਲੇ ਮਿਲੀ ਸੀ, ਜਦ ਇਹ ਪੰਜਾਬੀ ਫਿਲਮਾਂ ਦੀ ਜ਼ਿੰਦ ਜਾਨ ਵਰਿੰਦਰ ਜੀ ਦੇ ਸੰਪਰਕ ਵਿੱਚ ਬਹੁਤ ਛੋਟੀ ਉਮਰੇ ਆਇਆ। ਪਰ ਉਹਨਾਂ ਦੀ ਅਚਾਨਕ ਹੋਈ ਮੌਤ ਨੇ ‘ਭੁੱਲਰ’ ਨੂੰ ਉੱਥੇ ਲਿਆਕੇ ਫਿਰ ਖੜ੍ਹਾ ਕਰ ਦਿੱਤਾ ਜਿਥੋਂ ਤੁਰਿਆ ਸੀ। ਇਸ ਦਰਦਨਾਕ ਹਾਦਸੇ ਨੇ ਉਸਨੂੰ ਪਹਿਲਾਂ ਥੱਕਾ ਦਿੱਤਾ ਸੀ। ਵਿਚਾਰੇ ‘ਭੁੱਲਰ’ ਦੀ ਜ਼ਿੰਦਗੀ ਦੀ ਰੇਲ ਗੱਡੀ ਪੱਟੜੀ ਤੇ ਚੜ੍ਹੀ ਛੁਕ-ਛੁਕ ਕਰਨ ਹੀ ਲੱਗੀ ਸੀ,18 ਸਾਲ ਦੀ ਉਮਰ ਤੋਂ ਪਹਿਲਾਂ ਏਨਾ ਦਰਦ ਸਹਿਕੇ ਕੁਝ ਠੰਡੀ ਹਵਾ ਦੇ ਬੁੱਲ੍ਹੇ ਆਉਣ ਦੀ ਆਸ ਵੱਧੀ ਤਾਂ, ਕੁਦਰਤ ਦਾ ਫਿਰ ਨਵਾਂ ਕਹਿਰ ਭੁੱਲਰ ਤੇ ਬੰਬ ਬਣਕੇ ਫਟਿਆਂ। ‘ਭੁੱਲਰ’ ਵੀਰ ਦਾ ਰੱਬ ਉਸਦੀ ਮਾਂ, ਇਸ ਦੁਨੀਆ ਤੋਂ ਰੁੱਖਸਤ ਹੋ ਗਈ। ਫਿਰ ਉਸਦੀ ਜ਼ਿੰਦਗੀ ਵਿੱਚ ਇਕ ਵਾਰ ਚਾਰ-ਚੁਫੇਰੇ ਹਨੇਰਾ ਪੈ ਗਿਆ। ਜ਼ਖ਼ਮੀ ਹੋ ਕੇ ਡਿੱਗਿਆ, ਪਰ ਸ਼ਾਇਦ ਮਾਂ ਸੁਪਨੇ ਵਿੱਚ ਆ ਕੇ ਕਹਿ ਗਈ ਉੱਠ ਬਹਾਦਰ ਬਣ ਤੇ ਜ਼ਿੰਦਗੀ ਨਾਲ ਲੜ ਪੁੱਤਰਾ, ਪਾਣੀਆਂ ਵਿੱਚ ਦੀ, ਚਟਾਨਾਂ ਵਿੱਚ ਦੀ, ਆਪਣੀ ਸੋਚ ਜ਼ਰੀਏ ਰਸਤੇ ਬਣਾ। ਮੈਨੂੰ ਲੱਗਦਾ ਇਸ ਲੇਖਕ ਨੇ ਸਿਰਫ਼ ਪੰਜ ਛੇ ਸਾਲ ਹੀ ਅਮੀਰ ਦਾਦੇ ਦੀਆਂ ਦੌਲਤਾ ਸ਼ੋਹਰਤਾਂ ਦਾ ਅਨੰਦ ਲਿਆ ਹੋਣਾ।

ਫਿਰ ਕੀ ਕਰਦਾ ਵਿਚਾਰਾ ਸੰਵੇਦਨਸ਼ੀਲ ਹਿਰਦਾ ਕਿਸੇ ਪਾਸੇ ਤੋਂ ਕੋਈ ਰੌਸ਼ਨੀ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਫਿਰ ਜੱਟਾਂ ਦੇ ਮੁੰਡਿਆਂ ਨੂੰ ਇੱਕੋ ਨੌਕਰੀ ਹੁੰਦੀ ਐ ਹੋ ਜਾਓ ਫ਼ੌਜ ਵਿੱਚ ਭਰਤੀ। ਹੁਣ ਤਾਂ ਇਹ ਵੀ ਨਹੀਂ ਲੱਭਦੀ, ਮਜ਼ਬੂਰੀਵੱਸ ਫਿਰ 18 ਸਾਲ ਫ਼ੌਜ ਦੀ ਨੌਕਰੀ ਕੀਤੀ। ਨੌਕਰੀ ਦੁਰਾਨ ਵਿਆਹ ਹੋਇਆ ਇੱਕ ਸੁਚੱਜੀ ਕੁੜੀ ‘ਅੰਮ੍ਰਿਤਪਾਲ ਕੌਰ ਗਿੱਲ’ ਆਈ ਜੀਵਨ ਵਿਚ, ਕੋਈ ਰੱਬੀ ਰੂਹ ਘਰ ਵਿੱਚ ਆਈ, ਗਿੱਲ ਤੋਂ ਭੁੱਲਰ ਬਣ ਗਈ, ਬੱਸ ਫਿਰ ਭੁੱਲਰ-ਭੁੱਲਰ ਹੋ ਗਈ। ਦੋਹਾਂ ਦੇ ਸੁਮੇਲ ‘ਚ ਬੇਟੀ ‘ਹਰਮਨਜੀਤ ਕੌਰ’ ਦੀ ਵਾਹਿਗੁਰੂ ਨੇ ਦਾਤ ਦਿੱਤੀ ਉਸ ਤੋਂ ਬਾਅਦ ਮਾਲਿਕ ਨੇ ਵੀਰ ਨੂੰ ਦਰਵੇਸ਼ ਪੁੱਤ ‘ਤਰਨਵੀਰ ਸਿੰਘ ਭੁੱਲਰ’ ਜੋ ਸਰੀਰਕ ਤੌਰ ਤੇ 100 ਪ੍ਰਤੀਸ਼ਤ ਅਪਹਾਜ ਹੈ, ਇਸ ਪਰਿਵਾਰ ਦੀ ਝੋਲੀ ਪਾਇਆ। ਕੁਦਰਤ ਦਾ ਸ਼ੁਕਰਾਨਾ ਕੀਤਾ। ਉਸਦੀ ਦਿਲੋ ਸੇਵਾ ਸੰਭਾਲ ਹੁਣ ਵੀ ਕੀਤੀ ਜਾ ਰਹੀ ਹੈ, ਫਿਰ ਵਾਹਿਗੁਰੂ ਜੀ ਨੇ ਇਸ ਪਰਿਵਾਰ ਨੂੰ ਰੰਗ ਭਾਗ ਲਾਏ, ਪੁੱਤਰ ‘ਕਰਨਵੀਰ ਸਿੰਘ ਭੁੱਲਰ’ ਦੀ ਦਾਤ ਦੇ ਕੇ ਭੁੱਲਰ ਦੇ ਸਾਰੇ ਗਿਲੇ ਸ਼ਿੱਕਵੇ ਦੂਰ ਕਰ ਦਿੱਤੇ, ਜਿਸ ਨੂੰ ਅੱਜ ਕੱਲ੍ਹ ਆਪਾਂ ਆਮ ਹੀ ਛੋਟੀਆਂ ਫਿਲਮਾਂ ਵਿਚ ਵੇਖਦੇ ਹਾਂ। ਮੁੱਕਦੀ ਗੱਲ ਲਗਾਤਾਰ 2011 ਤੱਕ ਤਕਰੀਬਨ ਤੀਹ ਸਾਲ ਮਾੜਾ ਸਮਾਂ ਕੱਢਿਆ ਇਸ ਜਿੰਦ ਨੇ, ਜੋ ਦੋ ਵਾਰ ਉਮਰ ਕੈਦ ਬਣਦੀ ਹੈ। ਬੜਾ ਕੁਝ ਸਮੇਂ ਨੇ ਸਿਖਾਇਆ। ਕਈ ਵਾਰ ਭੁੱਲਰ ਸੋਚਦਾ ਹੈ ਕਿ ਰੱਬ ਨੇ ਮੈਨੂੰ ਜਨਮ ਸਿਰਫ਼ ਧੱਕੇ ਖਾਣ ਲਈ ਹੀ ਦਿੱਤਾ ਹੈ, ਪਰ ਅੱਜ ਜੇ ਉਸਦੀ ਜ਼ਿੰਦਗੀ ਵੱਲ ਵੇਖਦਾ ਹਾਂ ਤਾਂ ਪੂਰਾ ਸ਼ਾਹੀ ਠਾਠ-ਬਾਠ ਹੈ ਵੀਰ ਦਾ। ਫੌਜ ‘ਚ ਪਿਨਸ਼ਨ ਲੈ ਕੇ ਅੱਜ ਪੰਜਾਬ ਪੁਲਿਸ ਵਿੱਚ ਦੁਆਰਾ ਨੌਕਰੀ ਕਰਦਾ ਹੈ, ਕੋਈ ਤਮੰਨਾ ਨਹੀਂ ਅਧੂਰੀ, ਕੋਈ ਸ਼ੌਂਕ ਨਹੀਂ ਜੋ ਉਸਦਾ ਅਧੂਰਾ ਰਿਹਾ ਹੋਵੇ, ਚੰੰਗੇ ਮਿੱਤਰਾਂ ਦਾ ਖ਼ਜ਼ਾਨਾ ਉਸ ਕੋਲ ਹੈ, ਜਿੰਨ੍ਹਾਂ ਨੂੰ ਦੁਨੀਆ ਮਿਲਣ ਨੂੰ ਤਰਸਦੀ ਹੈ, ਉਹ ਵੀਰ ਦੇ ਘਰ ਦੀ ਅਕਸਰ ਹੀ ਰੌਣਕ ਹੁੰਦੇ ਹਨ।

‘ਹਰਫੂਲ ਸਿੰਘ ਭੁੱਲਰ’ ਇੱਕ-ਦੋ ਟੈਲੀ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਐਕਟਿੰਗ ਵੀ ਪਰਦੇ ਉੱਪਰ ਲਿਆ ਚੁੱਕਾ ਹੈ। ਜਿੱਥੇ ਫੇਸਬੁੱਕ ਸੰਸਾਰ ‘ਚ ਸੂਰਜ ਵਾਂਗੂ ਮਘਦਾ ਲੇਖਕ ਹੈ ‘ਹਰਫੂਲ ਸਿੰਘ ਭੁੱਲਰ’ ਉੱਥੇ ਪੰਜਾਬੀ ਗੀਤਕਾਰੀ ਦਾ ਵੀ ਸ਼ੌਂਕ ਰੱਖਦਾ ਹੈ। ਪਿੱਛੇ ਜਿਹੇ ਵੀਰ ਦਾ ਗੀਤ ਗੱਭਰੂ ਬਹੁਤ ਮਕਬੂਲ ਹੋਇਆ। ਜਿਸ ਨੂੰ ‘ਜਸ ਸੰਧੂ’ ਨੇ ਗਾਇਆ ਸੀ। ਗੀਤ “ਪੁੱਤ ਘਰਾਣੇ ਦੇ” ਦੇ ਜਿਸ ਨੂੰ ਆਵਾਜ਼ ਦਿੱਤੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਵਾਈਏ ਵੀਰ “ਗਿੱਲ ਹਰਦੀਪ” ਜੀ ਨੇ, ‘ਵਰਦੀ’ ਗੀਤ ਸੁਰਾਂ ਦੀ ਮਲਕਾ ਰਜ਼ਾ ਹੀਰ ਨੇ ਗਾਇਆ। ਇਸ ਕਲਮ ਦੇ ਕੁਝ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਅੱਗੇ ਹੋਰ ਵੀ ਰਿਕਾਰਡ ਹੋ ਰਹੇ ਹਨ, ਜਿਨ੍ਹਾਂ ਦੀਆਂ ਉਡੀਕਾਂ ਨੇ, ਪੂਰੇ ਸਫ਼ਲ ਬੰਦਿਆਂ ਵਿੱਚ ਵਿਚਰਦਾ ਹੈ ‘ਭੁੱਲਰ’ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ, ਮਿੱਤਰਾਂ ਵਿਚ ਮੁੱਖ ਹਨ ਮੱਖਣ ਬਰਾੜ, ਗਿੱਲ ਹਰਦੀਪ, ਰੁਪਿੰਦਰ ਰੂਬੀ ਫਿਲਮੀ ਸੰਸਾਰ ਤੋਂ, ਪੰਮੀ ਬਾਈ, ਜ਼ਨਾਬ ਭਿੰਦਰ ਡੱਬਵਾਲੀ, ਮਨਪ੍ਰੀਤ ਟਿਵਾਣਾ, ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਹਰਜੀਤ ਸਿੱਧੂ, ਹਰਦੇਵ ਮਹੀਨੰਗਲ, ਬਲਬੀਰ ਲਹਿਰਾ, ਰਾਜ ਭੁੱਲਰ, ਜਸ ਸੰਧੂ, ਭੁਪਿੰਦਰ ਬਰਨਾਲਾ, ਗੁਰਚੇਤ ਚਿੱਤਰਕਾਰ, ਮਿੰਟੂ ਜੱਟ, ਦਿਲਾਵਰ ਸਿੱਧੂ, ਹੈਪੀ ਜੀਤ ਪੈਂਚਰਾ ਵਾਲਾ, ਰਾਣਾ ਰਣਵੀਰ, ਸਰਦਾਰ ਸੋਹੀ, ਬਲਕਾਰ ਸਿੱਧੂ, ਬਿੱਟੂ ਖੰਨੇਵਾਲਾ, ਹਾਕਮ ਬਖ਼ਤੜੀ ਵਾਲਾ, ਮੀਤ ਬਰਾੜ, ਗੁਰਤੇਜ ਓਗੋਕੇ ਬਹੁਤ ਹੋਰ ਕਾਫ਼ੀ ਨਾਮ ਨੇ ਜਿੰਨਾਂ ਨਾਲ ਭੁੱਲਰ ਦੀ ਮੁਹੱਬਤ ਭਰੀ ਗਲਵੱਕੜੀ ਸਾਂਝੀ ਹੈ।

ਆਪਣਾ ਘਰ ਜੋ ਹਰ ਕਿਸੇ ਦੀ ਦਿਲੀ ਤਮੰਨਾਂ ਹੁੰਦੀ ਹੈ, ਉਹ ਮਹਿਲਾ ਵਰਗਾ ਕੁਦਰਤ ਨੇ ਸਿਰਜਕੇ ਦਿੱਤਾ ਤੇ ਮਾਹੌਲ ਵੀ ਐਸਾ ਉਹਨਾ ਕੋਲ ਕੋਈ ਵੀ ਜਾਵੇ ਖੁਸ਼ੀ ਵਿੱਚ ਖੀਵਾ ਹੋ ਜਾਂਦਾ ਹੈ। ਹਰੇਕ ਜੀਵ-ਜੰਤੂ ਦੇ ਰਹਿਣ ਵਾਲੀ ਜਗ੍ਹਾ ਜਾਣੀ ਘਰ ਲਈ ਅਸੀ ਵੱਖੋ ਵੱਖਰੇ ਨਾਂ ਦਿੱਤੇ ਹਨ ਜਿਵੇਂ ਆਲ੍ਹਣਾ, ਖੁੱਡਾ, ਭੌਣ, ਮਕਾਨ, ਝੌਪੜੀ, ਤਾਬੇਲਾ, ਵਾੜਾ, ਘੁਰਨਾ, ਅਸਲ ਵਿੱਚ ਹਰ ਰਹਿਣ ਵਾਲੀ ਜਗ੍ਹਾ ਘਰ ਨਹੀੰ ਹੁੰਦੀ, ਰਹਿਣ ਵਾਲੀ ਜਗ੍ਹਾ ਨੂੰ ਘਰ ਬਣਾਉਣ ਲਈ ਬਹੁਤ ਸਮਾਂ ਲੱਗਦਾ ਹੈ। ਇਸ ਲਈ ਸਬਰ ਸੰਤੋਖ ਤੇ ਮਿਹਨਤ ਦੀ ਬਹੁਤ ਲੋੜ ਹੁੰਦੀ ਹੈ, ਐਵੇਂ ਨਹੀਂ ਕਹਿੰਦੇ ਨੇ “ਰੱਬਾ ਸਬਰ ਦੇਵੀਂ, ਰੱਜ ਤਾਂ ਹੋਣਾ ਨੀ“ ਪਰ ਹਉਮੈਂ, ਖੌਫ, ਦੁਚਿੱਤੀ ਵਿੱਚ ਰਹਿਣ ਵਾਲਾ ਕੰਧਾਂ ਵਿਚਕਾਰ ਤਾਂ ਰਹਿ ਸਕਦਾ ਹੈ, ਪਰ ਘਰ ਵਿੱਚ ਨਹੀਂ। ਆਦਮੀ ਲਈ ਆਪਣਾ ਘਰ ਹੀ ਕਸ਼ਮੀਰ ਹੁੰਦਾ ਹੈ, ਕਿਉਂਕਿ ਆਪਣੇ ਘਰ ਦਾ ਸੂਰਜ ਹੋਰ ਥਾਵਾਂ ਨਾਲੋਂ ਨਿੱਘਾ ਹੁੰਦਾ ਹੈ। ਆਪਣੇ ਘਰ ਦੀ ਦਹਿਲੀਜ਼ ਦੁਨੀਆਂ ਦੇ ਸਭ ਪਹਾੜਾਂ ਤੋਂ ਉੱਚੀ ਹੁੰਦੀ ਹੈ। ਇਸੇ ਲਈ ਪਰਿੰਦਾ ਕਿੰਨਾਂ ਵੀ ਛੋਟਾ ਕਿਉਂ ਨਾ ਹੋਵੇ ਆਪਣਾ ਘਰ ਜਰੂਰ ਚਾਹੁੰਦਾ ਹੈ। ਘਰ ਦੀ ਸ਼ਾਂਤੀ ਲਈ ਬੰਦੇ ਦੀ ਸਿਆਣਪ ਤੇ ਅੌਰਤ ਦੇ ਸਬਰ ਦੀ ਜਰੂਰਤ ਹੁੰਦੀ ਹੈ। ਆਪਣੇ ਬਜੁਰਗਾਂ ਨੇ ਐਵੇਂ ਨਹੀਂ ਕਿਹਾ ਹੋਣਾ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ। ਪਰ ਇਹ ਮਿੱਠਾ ਰਸ ਲੈਣ ਲਈ ਪਹਿਲਾਂ ਇੱਕ ਮਿੱਠੀ ਪੋਰੀ ਮਿੱਟੀ ‘ਚ ਦੱਬਣੀ ਪੈਂਦੀ ਐ, ਅਸਲ ਕਹਿਣਾ ਤਾਂ ਇਹ ਚਾਹੁੰਦੇ ਸੀ ਵੱਡੇ ਆਪਣੇ, ਪਰ ਅਸੀਂ ਸਮਝ ਹੀ ਨਹੀਂ ਸਕੇ ਕਿ ‘ਜਿੰਨਾਂ ਨੇ ਦੱਬੀਆਂ ਪੋਰੀਆਂ ਗੰਨੇ ਨਿੱਕਲ ਆਏ, ਜਿਨ੍ਹਾਂ ਨੇ ਵਹਿਬਤਾਂ ਦੱਬੀਆਂ ਪੰਗੇ ਨਿੱਕਲ ਆਏ‘, ਤੀਲਾ-ਤੀਲਾ ਜੋੜਕੇ ਆਲ੍ਹਣਾ ਬਣਦੈ, ਇਹ ਗੱਲ ਕਹਿਣੀ ਸੌਖੀ ਐ, ਕਿਉਂਕਿ ਆਪਾਂ ਇਹ ਗੱਲਾਂ ਸੁਣ-ਸੁਣ ਆਦੀ ਹੋ ਗਏ ਆਂ, ਪਰ ਜਦੋਂ ਇੱੱਕ ਮਾਨਸ ਰੂਪੀ ਦੇਹ ਜਾਣੀ ਕਿ ਬੰਦਾ, ਸੱਚ ਮੁੱਚ ਇੱਕ ਚੁੰਝ ਵਾਲੇ ਜਨੌਰ ਵਰਗਾ ਹੋਵੇ, ਉੱਡੇ ਤੇ ਇੱਕ ਤੀਲਾ ਲਿਆ ਧਰੇ, ਤੀਲੇ ਧਰਦੇ-ਧਰਦੇ, ਚਿਣਦੇ-ਚਿਣਦੇ ਇੱੱਕ ਆਲ੍ਹਣਾ ਬਣ ਜੇ, ਉਹ ਆਲ੍ਹਣਾ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਤੇ ਪਾਇਆ ਗਿਆ ਬਹੁਤ ਵੱਡਾ ਆਲੀਸ਼ਾਨ ਮਹਿਲ ਅਖਵਾਉਦਾ ਹੈ। ਅਰਦਾਸ ਹੈ ਕਿ ਰੰਗ ਭਾਗ ਸਭ ਦੀਆਂ ਮਿਹਨਤਾਂ ਨੂੰ ਲੱਗਣ, ਕੀਤੀ ਕਮਾਈ ਰਾਸ ਆਵੇ, ਮੇਹਰ ਬਣੀ ਰਹੇ ਸਭ ਤੇ ਕਿਰਪਾ ਰੱਖੇ ਮੇਰਾ ਬਾਬਾ ਨਾਨਕ, ਹਰ ਕੋਈ ਸੱਚੀ ਸੋਚ ਨਾਲ ਰਹੇ।ਮੈਨੂੰ ਭੂੱਲਰ ਦੀ ਕਲਮ ਦੀਆਂ ਇਹਨਾਂ ਲਾਇਨਾ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਪਹਿਲਾਂ ਇਨਸਾਨ ਮਰ ਜਾਂਦਾ ਸੀ ਤੇ ਆਤਮਾ ਭਟਕਦੀ ਰਹਿੰਦੀ ਸੀ, ਹੁਣ ਲੋਕਾਂ ਦੀ ਆਤਮਾ ਮਰ ਚੁੱਕੀ ਹੈ ਤੇ ਇਨਸਾਨ ਭਟਕਦਾ ਹੈ।

ਇਸ ਕਲਮ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਜੀ। ਸ਼ਬਦਾਂ ਦੀ ਆਮਦ ਬਾਰੇ ਏਨੇ ਭਾਰੇ ਹਰਫ਼ ਕਿਥੋਂ ਆਉਂਦੇ ਨੇ, ਉਹ ਹੱਸਕੇ ਕਹਿੰਦਾ ਹੈ ਖਾਨਪੁਰੀ ਕਾਲੇ ਵੀਰ, ਇਹ ਮੇਰੇ ਦਾਦਾ ਜੀ ਦੀ ਅਕਲ ਦਾ ਚੂਰਨ ਹੈ, ਰੋਜ਼ ਇੱਕ ਚਮਚਾ ਵਰਤੀ ਦਾ, ਪੋਸਟ ਤਿਆਰ ਕਰ ਲਈ ਦੀ ਹੈ। ਜ਼ਿੰਦਗੀ ਦੇ ਹਨੇ੍ਹਰਿਆਂ ਨੂੰ ਚੀਰਕੇ ਰੋਸ਼ਨੀਆਂ ਵੰਡਣ ਵਾਲਾ ਹਰਫੂਲ ਸਿੰਘ ਭੁੱਲਰ ਅੱਜ-ਕੱਲ੍ਹ ਪਿੰਡ “ਚਾਉਂਕੇ” ਵਿਖੇ ਆਪਣੀ ਡਿਊਟੀ ਨਿਭਾ ਰਿਹਾ ਹੈ।

ਕੋਈ ਫੋਨ ਕਰੇ ਜਾਂ ਮਿਲਣ ਆਇਆ ਸੱਜਣ ਹੁਣ ਦੀ ਖੂਬਸੂਰਤੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦਾ ਹੁੰਦਾ ਤਾਂ ਸਭ ਹੱਸਕੇ ਕਹੂ ਭੁੱਲਰ…

             ਘਰੋਂ ਤਾਂ ਮਿੱਤਰੋ ਮੈਨੂੰ ਵੀ ਕਿੱਲੇ ਆਉਂਦੇ ਸੀ ਮਸਾ ਢਾਈ,

           ਉਹਦੇ ‘ਚੋਂ ਵੀ ਧੱਕਾ ਕਰ ਗਏ ਚਾਚੇ-ਤਾਏ ਛੋਟੇ-ਵੱਡੇ ਭਾਈ,

           ਕਿਰਪਾ ਬਾਬੇ ਨਾਨਕ ਦੀ, ਜਿਹਨੇ ਫਿਰ ਵੀ ਟੌਹਰ ਬਣਾਈ!

ਦੋਸਤੋ ਭਰਾਵਾਂ ਵਰਗਾ ਪਿਆਰ ਮਿਲਿਆ ਇਸ ਰੰਗੀਲੇ ਬੰਦੇ ਤੋਂ, ਮੈਂ ਆਪ ਵੀ ਬਹੁਤ ਸੰਘਰਸ਼ ਕੀਤਾ ਤੇ ਜ਼ਿੰਦਗੀ ਨਾਲ ਤੇ ਹੋਰ ਜ਼ਿੰਦਗੀ ਨਾਲ ਲੜੇ ਆਦਮੀ ਮੈਨੂੰ ਬਹੁਤ ਪਿਆਰੇ ਲੱਗਦੇ ਹਨ, ਤਾਹੀ ਵੀਰ ਲਈ ਇਨ੍ਹਾਂ ਕੁ ਲਿਖ ਸਕਿਆ। ਪ੍ਰਵਾਨ ਕਰਿਓ ਜੀ। ਉਮੀਦ ਹੈ ਹਰਫੂਲ ਵੀਰ ਨਾਲ ਜਲਦੀ ਮੁਲਾਕਾਤ ਹੋਵੇਗੀ, ਆਹ ਸਭ ਤਾਂ ਉਸ ਨੂੰ ਪੜ੍ਹਕੇ ਹੀ ਉਸ ਬਾਰੇ ਲਿਖ ਦਿੱਤਾ। ਭੁੱਲਰ ਵੀਰ ਦਾ ਸੰਪਰਕ ਨੰਬਰ 98768-70157 ਹੈ!

ਲੇਖਕ–ਗੀਤਕਾਰ ਕਾਲਾ ਖਾਨਪੁਰੀ ਲਿਬਨਾਨ!

009613 366864

Leave a Comment