ਕਾਨੂੰਨ ਹੋਣ ਦਾ ਫਾਇਦਾ ਤਾਂ ਹੀ ਹੈ ਜੇ ਲਾਗੂ ਵੀ ਹੋਵੇ

ਲੇਖਕ – ਪ੍ਰਭਜੋਤ ਕੌਰ ਢਿੱਲੋਂ

Prabh Gill

ਕਿਸੇ ਵੀ ਦੇਸ਼ ਅਤੇ ਸਮਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਕਾਨੂੰਨ ਬਹੁਤ ਜ਼ਰੂਰੀ ਹਨ।ਕਾਨੂੰਨਾਂ ਦਾ ਬਣਾਉਣਾ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣਾ ਸਰਕਾਰਾਂ ਦਾ ਕੰਮ ਹੈ।ਕਾਨੂੰਨ ਦੇ ਹੋਣ ਦਾ ਫਾਇਦਾ ਤਾਂ ਹੀ ਹੈ ਜੇਕਰ ਉਸਨੂੰ ਸਹੀ ਤਰੀਕੇ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ।ਕਾਨੂੰਨ ਨੂੰ ਲਾਗੂ ਕਰਵਾਉਣਾ ਸਰਕਾਰਾਂ ਦੇ ਤੰਤਰ ਮਤਲਬ ਵਿਭਾਗਾਂ ਦਾ ਅਤੇ ਉੱਥੇ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ।ਹਰ ਸਿਆਸਤਦਾਨ,ਹਰ ਅਫਸਰ, ਅਧਿਕਾਰੀ ਅਤੇ ਮੁਲਾਜ਼ਮ ਦਾ ਕਾਨੂੰਨ ਦੀ ਇਜ਼ੱਤ ਕਰਨਾ ਫਰਜ਼ ਹੈ।ਜਦੋਂ ਇਹ ਸਾਰੇ ਕਾਨੂੰਨਾਂ ਦੀ ਇਜ਼ੱਤ ਨਹੀਂ ਕਰਦੇ ਤਾਂ ਕਾਨੂੰਨ ਅਪਾਹਜ਼ ਹੋ ਜਾਂਦੇ ਹਨ,ਮਹਿਕਦੇ ਹਨ ਅਤੇ ਅਖੀਰ ਵਿੱਚ ਆਪਣੀ ਹੋਂਦ ਹੀ ਗੁਆ ਲੈਂਦੇ ਹਨ।ਹੰਟਰ ਥਾਮਸਨ ਨੇ ਲਿਖਿਆ ਹੈ,”ਅਸੀਂ ਲੋਕਾਂ ਤੋਂ ਕਾਨੂੰਨ ਅਤੇ ਹੁਕਮਾਂ ਨੂੰ ਇਜ਼ੱਤ ਦੇਣ ਦੀ ਆਸ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਇਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇੰਨਾ ਦੀ ਇਜ਼ੱਤ ਕਰਨਾ ਨਹੀਂ ਸਿਖਾ ਦਿੰਦੇ।”

ਕਾਨੂੰਨ ਕਿਸੇ ਇਕ ਲਈ ਨਹੀਂ ਹਰ ਕਿਸੇ ਲਈ ਹਨ।ਆਮ ਬੰਦੇ ਦੇ ਵੀ ਸੰਵਿਧਾਨ ਮੁਤਾਬਿਕ ਉਹ ਹੀ ਹੱਕ ਹਨ ਜੋ ਕਿਸੇ ਬਹੁਤ ਵੱਡੇ ਅਫਸਰ ਜਾਂ ਅਮੀਰ ਬੰਦੇ ਦੇ ਹੁੰਦੇ ਹਨ।ਫਰਕ ਸਿਰਫ਼ ਇੰਨਾ ਹੁੰਦਾ ਹੈ ਕਿ ਕਾਨੂੰਨ ਨੂੰ ਆਪਣੇ ਲਈ ਵਰਤਦਾ ਹੈ ਅਤੇ ਕੋਈ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ।ਗਰੀਬ ਵਾਸਤੇ ਬਹੁਤੀ ਵਾਰ ਕਾਨੂੰਨ ਦੀ ਸ਼ਕਲ ਸੂਰਤ ਹੀ ਵਿਗਾੜ ਦਿੱਤੀ ਜਾਂਦੀ ਹੈ।ਕਾਨੂੰਨ ਨੂੰ ਵਧੇਰੇ ਕਰਕੇ ਉਹ ਹੀ ਵਿਗੜਦੇ ਹਨ,ਜਿੰਨ੍ਹਾਂ ਨੂੰ ਇੰਨਾ ਕਾਨੂੰਨਾਂ ਦੀ ਵਧੇਰੇ ਜਾਣਕਾਰੀ ਹੁੰਦੀ ਹੈ ਅਤੇ ਉਹ ਕਾਨੂੰਨਾਂ ਦੇ ਰਾਖੇ ਬਣਾ ਕੇ ਬਿਠਾਏ ਹੁੰਦੇ ਹਨ।ਲੋਕਾਂ ਦੀ ਉਹ ਦੁਰਗੱਤ ਹੁੰਦੀ ਹੈ ਕਿ ਜਿਸ ਕਾਨੂੰਨ ਕਰਕੇ ਉਹ ਮਦਦ ਲੈਣ ਲਈ ਜਾਂਦੇ ਹਨ ਉਸ ਦੀ ਸੂਰਤ ਸੀਰਤ ਕੁੱਝ ਹੋਰ ਹੀ ਬਣੀ ਹੁੰਦੀ ਹੈ।ਸਤਿਆਨੰਦ ਸਾਕਰ ਨੇ ਲਿਖਿਆ ਹੈ,”ਹਰ ਤਰਫ ਕਾਨੂੰਨੀ ਉਂਚੀ ਫਸੀਲੇਂ ਹੈਂ ਮਗਰ ਹਰ ਜਗ੍ਹਾ ਏਕ ਚੋਰ ਰਾਸਤਾ ਹੈ।”ਉੱਚੀਆਂ ਕੁਰਸੀਆਂ ਅਤੇ ਵੱਡੇ ਅਹੁਦਿਆਂ ਤੇ ਬੈਠਕੇ ਹੀ ਵਧੇਰੇ ਕਾਨੂੰਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਅਤੇ ਦੁਰਵਰਤੋਂ ਕੀਤੀ।ਅੱਧੇ ਅਧੂਰੇ ਕਾਨੂੰਨ ਅਤੇ ਇਕ ਪਾਸੜ ਕਾਨੂੰਨਾਂ ਦੀ ਵਰਤੋਂ ਸਮਾਜ ਦੇ ਸਿਸਟਮ ਨੂੰ ਤਬਾਹ ਕਰ ਦਿੰਦਾ ਹੈ।ਜਿਸਦੀ ਸੱਭ ਤੋਂ ਵੱਡੀ ਉਦਾਹਰਣ ਦਹੇਜ ਵਿਰੁੱਧ ਬਣਾਏ ਕਾਨੂੰਨ ਨੂੰ ਅਸੀਂ ਮੰਨ ਸਕਦੇ ਹਾਂ। ਕਾਨੂੰਨ ਸਾਫ ਸਾਫ ਕਹਿੰਦਾ ਹੈ ਕਿ ਦਹੇਜ ਲੈਣਾ ਅਤੇ ਦੇਣਾ ਗੁਨਾਹ ਹੈ ਪਰ ਇਕ ਧਿਰ ਦੀ ਹੀ ਗੱਲ ਸੁਣਕੇ ਦੂਸਰੇ ਨੂੰ ਦੋਸ਼ੀ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ।ਇੱਥੇ ਕਾਨੂੰਨ ਦੀ ਦੁਰਵਰਤੋਂ ਸ਼ੁਰੂ ਹੁੰਦੀ ਹੈ ਅਤੇ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀ ਭੰਨਤੋੜ ਕਰਦੇ ਹਨ।ਜੇਕਰ ਕਾਨੂੰਨ ਦੀ ਸਹੀ ਵਰਤੋਂ ਹੋਵੇ ਅਤੇ ਸਹੀ ਤਰ੍ਹਾਂ ਲਾਗੂ ਹੋਵੇ ਤਾਂ ਪਰਿਵਾਰ ਘੱਟ ਟੁੱਟਣ।ਨੌਜਵਾਨ ਖੁਦਕੁਸ਼ੀਆਂ ਨਾ ਕਰਨ।ਹਕੀਕਤ ਇਹ ਹੈ ਕਿ ਜਦੋਂ ਅੱਗ ਫੈਲ ਜਾਵੇ ਤਾਂ ਉਹ ਸਾਰਿਆਂ ਦਾ ਨੁਕਸਾਨ ਕਰਦੀ ਹੈ।ਇਸ ਵਕਤ ਇਸ ਕਾਨੂੰਨ ਦੀ ਦੁਰਵਰਤੋਂ ਅਤੇ ਉਸਦੀ ਸਹੀ ਵਰਤੋਂ ਨਾ ਹੋਣ ਕਰਕੇ ਪਰਿਵਾਰਾਂ ਅਤੇ ਸਮਾਜ ਵਿੱਚ ਬਹੁਤ ਕੁੱਝ ਅਣਸੁਖਾਵਾਂ ਵਾਪਰ ਰਿਹਾ ਹੈ।

ਸੀਨੀਅਰ ਸਿਟੀਜ਼ਨ ਐਕਟ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।ਜਿਹੜੇ ਦਫਤਰਾਂ ਵਿੱਚ ਕੁਰਸੀਆਂ ਤੇ ਬੈਠੇ ਹਨ,ਉਨ੍ਹਾਂ ਨੂੰ ਬਜ਼ੁਰਗਾਂ ਨੂੰ ਖੱਜਲ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।ਬਹੁਤ ਵਾਰ ਨੂੰਹਾਂ ਪੁੱਤਾਂ ਦਾ ਜ਼ੋਰ ਚੱਲਦਾ ਹੁੰਦਾ ਹੈ।ਉਹ ਕਿਸੇ ਨਾ ਕਿਸੇ ਨੂੰ ਮਿਲਕੇ ਉਸ ਸ਼ਕਾਇਤ ਨੂੰ ਇੱਧਰ ਉੱਧਰ ਕਰਨ ਲੱਗਦੇ ਹਨ।ਇਹ ਐਕਟ ਇਸ ਕਰਕੇ ਬਣਿਆ ਹੈ ਕਿ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਉਹ ਉਨ੍ਹਾਂ ਦਾ ਹੱਕ ਵੀ ਹੈ।ਪੁੱਤਾਂ ਨੂੰ ਮਾਪਿਆਂ ਨੇ ਪੈਰਾਂ ਤੇ ਖੜ੍ਹੇ ਇਸ ਲਈ ਨਹੀਂ ਕੀਤਾ ਕਿ ਉਹ ਮਾਪਿਆਂ ਨੂੰ ਹੀ ਘਰੋਂ ਬੇਘਰ ਕਰੇ ਜਾਂ ਬੇਇੱਜ਼ਤ ਕਰੇ।ਨੂੰਹਾਂ ਪੁੱਤਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਅਸਲ ਵਿੱਚ ਧੀਆਂ ਨੂੰ ਮਾਪੇ ਜਾਇਦਾਦ ਵਿਚੋਂ ਕੁੱਝ ਵੀ ਨਹੀਂ ਦਿੰਦੇ।ਜਦੋਂ ਪੁੱਤ ਸੰਭਾਲਦੇ ਨਹੀਂ ਤਾਂ ਧੀਆਂ ਨੂੰ ਵੀ ਗੁਨਾਹਗਾਰ ਮੰਨਿਆਂ ਜਾਂਦਾ ਹੈ।ਜਿਸ ਘਰ ਵਿੱਚ ਬਜ਼ੁਰਗ ਰਹਿ ਰਹੇ ਹੁੰਦੇ ਹਨ ਹਕੀਕਤ ਵਿੱਚ ਉਹ ਮਾਪਿਆਂ ਨੇ ਹੀ ਬਣਾਇਆ ਹੁੰਦਾ ਹੈ।ਜੇਕਰ ਪੁੱਤਾਂ ਨੇ ਕੁੱਝ ਪੈਸੇ ਲਗਾਏ ਵੀ ਹਨ ਤਾਂ ਮਾਪਿਆਂ ਦਾ ਉਸ ਘਰ ਵਿੱਚ ਸਤਿਕਾਰ ਨਾਲ ਰਹਿਣ ਦਾ ਵੀ ਪੂਰਾ ਪੂਰਾ ਹੱਕ ਹੈ।ਜੇਕਰ ਕਾਨੂੰਨ ਸਹੀ ਢੰਗ ਨਾਲ ਅਤੇ ਇਮਾਨਦਾਰੀ ਲਾਗੂ ਹੋਣ ਤਾਂ ਬਹੁਤ ਘੱਟ ਲੋਕ ਕੁਰਾਹੇ ਪੈਣ।ਅਗਿਆਤ ਨੇ ਬਹੁਤ ਵਧੀਆ ਲਿਖਿਆ ਹੈ,”ਕਾਨੂੰਨੀ ਪ੍ਰਬੰਧਾਂ ਦੇ ਡਰ ਕਾਰਨ ਲੋਕ ਸਮਾਜਿਕ ਬੁਰਾਈਆਂ ਨੂੰ ਤਿਆਗਣ ਲਈ ਮਜ਼ਬੂਰ ਹੋ ਜਾਂਦੇ ਹਨ।”ਜੇਕਰ ਬਜ਼ੁਰਗਾਂ ਨੂੰ ਡਰਾਮੇਬਾਜ਼,ਪਖੰਡੀ,ਵਿਹਲੜ ਕਹਿਣ ਵਾਲਿਆਂ ਅਤੇ ਹਰ ਵੇਲੇ ਬੇਇੱਜ਼ਤੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰ ਦਿੱਤੀ ਜਾਵੇ ਤਾਂ ਨੂੰਹਾਂ ਪੁੱਤਾਂ ਦੀ ਅਜਿਹਾ ਕਰਨ ਦੀ ਹਿੰਮਤ ਹੀ ਨਾ ਪਵੇ।ਸੀਨੀਅਰ ਸਿਟੀਜ਼ਨ/ਮਾਪਿਆਂ ਦੀ ਦੇਖਭਾਲ ਕਰਨਾ ਔਲਾਦ ਦਾ ਫਰਜ਼ ਹੈ।ਜਿੰਨੀ ਦੇਰ ਮਾਪੇ ਜਿਉਂਦੇ ਹਨ,ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਆਮਦਨ ਤੇ ਜ਼ਬਰਦਸਤੀ ਹੱਕ ਜਮਾਉਣ ਦਾ ਅਧਿਕਾਰ ਕੋਈ ਕਾਨੂੰਨ ਕਿਸੇ ਨੂੰ ਵੀ ਨਹੀਂ ਦਿੰਦਾ। 

ਪਿੱਛਲੇ ਦਿਨੀਂ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਕੁੱਝ ਸਖਤ ਕਦਮ ਚੁੱਕੇ ਹਨ।ਇਕ ਪਰਿਵਾਰ ਵਿੱਚ ਲੜਕੀ ਦੇ ਰਿਸ਼ਤੇਦਾਰਾਂ ਦੀ ਜ਼ਰੂਰਤ ਤੋਂ ਵਧੇਰੇ ਦਖਲਅੰਦਾਜ਼ੀ ਸੀ,ਜਿਸ ਕਰਕੇ ਪਰਿਵਾਰ ਟੁੱਟਣ ਕਿਨਾਰੇ ਆ ਖੜ੍ਹਿਆ।ਪੂਰੇ ਮਸਲੇ ਨੂੰ ਵੇਖਦੇ ਹੋਏ,ਉਨ੍ਹਾਂ ਰਿਸ਼ਤੇਦਾਰਾਂ ਦਾ ਘਰ ਵਿੱਚ ਆਉਣਾ ਅਤੇ ਦਖਲਅੰਦਾਜ਼ੀ ਬੰਦ ਕਰਨ ਦੇ ਹੁਕਮ ਦਿੱਤੇ ਗਏ। ਇਵੇਂ ਹੀ ਬਜ਼ੁਰਗ ਮਾਪਿਆਂ ਦੀ ਜਾਇਦਾਦ ਲੈਣ ਤੋਂ ਬਾਅਦ ਉਨ੍ਹਾਂ ਦੀ ਦੁਰਦਸ਼ਾ ਕਰਨ ਵਾਲੇ ਪੁੱਤਾਂ ਤੋਂ ਜ਼ਮੀਨ ਵਾਪਸ ਬਜ਼ੁਰਗਾਂ ਦੇ ਨਾਮ ਕਰਨ ਲਈ ਕਿਹਾ ਗਿਆ। ਹਾਂ, ਜਿਵੇਂ ਕੇਸ ਸੋਸ਼ਲ ਮੀਡੀਆ ਤੇ ਆਏ,ਇੰਨਾ ਦੇ ਨਤੀਜੇ ਅਤੇ ਕਾਰਵਾਈ ਦੀ ਜਾਣਕਾਰੀ ਵੀ ਵੂਮੈਨ ਕਮਿਸ਼ਨ ਨੂੰ ਸੋਸ਼ਲ ਮੀਡੀਆ ਤੇ ਦੇਣੀ ਚਾਹੀਦੀ ਹੈ। ਕਾਨੂੰਨ ਭਾਵੇਂ ਘੱਟ ਹੋਣ ਪਰ ਲਾਗੂ ਜ਼ਰੂਰ ਇਮਾਨਦਾਰੀ ਨਾਲ ਹੋਣ,ਤਾਂ ਹੀ ਕਾਨੂੰਨਾਂ ਦਾ ਫਾਇਦਾ ਹੈ।       

Leave a Comment